ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ
ਜੀਹਨੂੰ ਪੌਣ ਸਮੇਂ ਦੀ ਗਾਉਂਦੀ ਹੈ
ਜੀਹਨੂੰ ਤਾਲ ਨਗਾਰੇ ਦਿੰਦੇ ਨੇ
ਜੀਹਦਾ ਚੰਡੀ ਨਾਦ ਵਜਾਉਂਦੀ ਹੈ
ਮੈਂ ਦਸਮ ਪਿਤਾ ਦੀ ਉਸਤਤ ਹਾਂ
ਜੀਹਨੂੰ ਪਰਮ ਪਿਤਾ ਨੇ ਘੱਲਿਆ ਸੀ
ਜੋ ਆਦਿ ਜੁਗਾਦਿ ਦਾ ਤਪੀਆ ਸੀ
ਜੀਹਨੇ ਹੇਮ 'ਤੇ ਆਸਣ ਮੱਲਿਆ ਸੀ
ਜਿਸ ਧਰਤੀ 'ਤੇ ਉਸ ਨੇ ਜਨਮ ਲਿਆ
ਉਹਨੂੰ ਗੰਗਾ ਪਰਸਣ ਆਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....
ਮੈਂ ਉਸ ਸ਼ਮਸ਼ੀਰ ਦੀ ਗਾਥਾ ਹਾਂ
ਜੀਹਨੇ ਜਾਬਰ ਨੂੰ ਲਲਕਾਰਿਆ ਸੀ
ਤੇ ਦੀਨ ਧਰਮ ਇਨਸਾਫ਼ ਲਈ
ਜੀਹਨੇ ਸੀਸ ਪਿਤਾ ਦਾ ਵਾਰਿਆ ਸੀ
ਦਿੱਲੀ ਦੇ ਓਸ ਚੌਰਾਹੇ 'ਚੋਂ
ਲੋਅ ਸਿਦਕ ਸਿਰੜ ਦੀ ਆਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....
ਮੈਂ ਉਸ ਮੁਰਸ਼ਦ ਦੀ ਮਹਿਮਾ ਹਾਂ
ਜੋ ਆਪ ਗੁਰੂ ਹੈ ਚੇਲਾ ਵੀ
ਜੋ ਲੋੜ ਪਵੇ ਤਾਂ ਲੜਾ ਸਕਦੈ
ਸਵਾ ਲੱਖ ਦੇ ਨਾਲ ਅਕੇਲਾ ਵੀ
ਜੀਹਦੀ ਪਹੁਲ 'ਚ ਐਸੀ ਸ਼ਕਤੀ ਹੈ
ਚਿੜੀਆਂ ਤੋਂ ਬਾਜ਼ ਤੁੜਾਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....
ਮੈਂ ਜੱਸ ਹਾਂ ਓਸ ਤੇਜੱਸਵੀ ਦਾ
ਜੋ ਆਲਮ ਫ਼ਾਜ਼ਲ ਦਾਨਾ ਵੀ
ਜੋ ਕਦਰਦਾਨ ਵੀ ਕਲਮਾਂ ਦਾ
ਤੇ ਦੈਵੀ ਗੁਣੀ-ਨਿਧਾਨਾ ਵੀ
ਜੀਹਦੇ ਗਿਆਨ ਮੰਡਲ ਨੂੰ ਦੁਨੀਆਂ ਦੀ
ਦਾਨਾਈ ਸੀਸ ਨਿਵਾਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....
ਜੀਹਦੀ ਆਭਾ ਦੇ ਲਿਸ਼ਕਾਰੇ ਤੋਂ
ਭੈਭੀਤ ਹਨ੍ਹੇਰੇ ਹੋ ਜਾਂਦੇ
ਉਹਦੀ ਨੂਰ-ਨਦਰ ਜਿਤ ਵੱਲ ਉਠਦੀ
ਪਹੁ ਫੁਟਦੀ ਸਵੇਰੇ ਹੋ ਜਾਂਦੇ
ਕਰੇ ਭਸਮ ਕੁਫ਼ਰ ਦੇ ਕਿਲਿਆਂ ਨੂੰ
ਉਹਦੀ ਤੇਗ ਜਦੋਂ ਲਹਿਰਾਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....
ਜਮਨਾ ਦਾ ਕੰਢਾ ਸਾਖੀ ਹੈ
ਜਦ ਛਿੜਿਆ ਯੁੱਧ ਭੰਗਾਣੀ ਦਾ
ਉਹ ਸੋਨ-ਸੁਨਹਿਰੀ ਪੰਨਾ ਹੈ
ਤਵਾਰੀਖ਼ ਦੀ ਅਮਰ ਕਹਾਣੀ ਦਾ
ਜੀਹਦੇ ਨੂਰੀ ਹਰਫ਼ ਉਠਾਲਦਿਆਂ
ਚਾਨਣ ਦੀ ਅੱਖ ਚੁੰਧਿਆਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....
ਗਾਥਾ ਸਰਬੰਸ ਦੇ ਦਾਨੀ ਦੀ
ਚਮਕੌਰ ਕਹੇ ਸਰਹੰਦ ਕਹੇ
ਸਿਰ ਦੇ ਕੇ ਸਿਰੜ ਨਿਭਾਉਣਾ ਹੈ
ਉਹ ਮਾਂ ਗੁਜਰੀ ਦਾ ਚੰਦ ਕਹੇ
ਮਾਛੀਵਾੜੇ ਦੇ ਜੰਗਲ ਚੋਂ
ਅਜੇ ਤੀਕ ਏਹੀ ਧੁਨ ਆਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ.....
ਇਕ ਲੀਕ ਨੂਰ ਦੀ ਦਿਸਦੀ ਹੈ
ਅਹੁ ਪਟਨੇ ਤੋਂ ਨੰਦੇੜ ਤਾਈਂ
ਇਕ ਤੇਜ ਚੁਣੌਤੀ ਦਿੰਦਾ ਹੈ
ਬੇਦਰਦ ਵਕਤ ਦੇ ਗੇੜ ਤਾਈਂ
ਇਹਨਾਂ ਕਾਲੇ ਬੋਲੇ ਰਾਹਾਂ ਨੂੰ
ਉਹਦੀ ਪੈੜ ਪੈੜ ਰੁਸ਼ਨਾਉਂਦੀ ਹੈ
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ
ਜੀਹਨੂੰ ਪੌਣ ਸਮੇਂ ਦੀ ਗਾਉਂਦੀ ਹੈ
ਜੀਹਨੂੰ ਤਾਲ ਨਗਾਰੇ ਦਿੰਦੇ ਨੇ
ਜੀਹਦਾ ਚੰਡੀ ਨਾਦ ਵਜਾਉਂਦੀ ਹੈ...