ਮੈ ਹਾਂ ਪੰਜਾਬ ਬੋਲਦਾ

ਮੈ ਹਾਂ ਪੰਜਾਬ ਬੋਲਦਾ, ਸੁੱਚੀਆਂ ਦਾੜ੍ਹੀਆਂ ਦੇ ਨਾਂ 'ਤੇ

ਪੀਡੀਆਂ ਗੁੱਤਾਂ ਦੇ ਨਾਂ, ਮੈ ਹਾਂ ਪੰਜਾਬ ਬੋਲਦਾ

ਆਪਣੇ ਧੀ ਪੁੱਤਾਂ ਦੇ ਨਾਂ, ਮੈ ਹਾਂ ਪੰਜਾਬ ਬੋਲਦਾ

ਮਾਂ ਦੀਆਂ ਦੋ ਵਗਦੀਆਂ, ਮੇਰੇ ਪੰਜ-ਧਾਰਾ ਵਗੇ

ਏਨੇ ਦੁੱਧਾਂ ਦੇ ਹੁੰਦਿਆਂ, ਕਿਉ ਵਿਲਕਦੀ ਮਮਤਾ ਲੱਗੇ ?

ਕਾਂਜੀ ਦੇ ਬੱਦਲਾ ਦੇ ਨਾਂ 'ਤੇ ਬਦਲੀਆਂ ਰੁੱਤਾਂ ਦੇ ਨਾਂ

ਮੈ ਹਾਂ ਪੰਜਾਬ ਬੋਲਦਾ...................

ਵਾਰਿਸ, ਮੋਹਨ, ਕਾਦਰ, ਧਨੀ, ਸਤਿਲੁਜ ਝਨਾਂ ਨੂੰ ਮੇਲਦੇ

ਖੇਡਦੇ ਗੀਟੇ ਰਹੇ, ਕਿਉ ਨਾਲ ਸਿਰੀਆਂ ਖੇਲਦੇ ?

ਗੁੰਦਵਿਆਂ ਜਿਸਮਾਂ ਦੇ ਨਾਂ 'ਤੇ ਫੁੱਟਦੀਆਂ ਮੁੱਛਾਂ ਦੇ ਨਾਂ

ਮੈ ਹਾਂ ਪੰਜਾਬ ਬੋਲਦਾ....................

ਮੇਰੇ ਕਪੁੱਤਰੋ ਸੌਂ ਜਿਓ, ਹੁਣ ਨਾਲ ਮੌਜ ਦੇ

ਪਹਿਰੇ ਖੜੂੰਗਾ ਮੈ ਭਾਵੇਂ ਹਵਾਲੇ ਹਾਂ ਫ਼ੌਜ ਦੇ

ਹੰਭੀਆਂ ਅਦਾਲਤਾਂ ਦੇ ਨਾਂ, ਨਾਰਦ ਦੀਆਂ ਘੜਿੱਤਾਂ ਦੇ ਨਾਂ

ਮੈ ਹਾਂ ਪੰਜਾਬ ਬੋਲਦਾ.......................

ਬਹਿ ਕੇ ਪਰ੍ਹਾ ਵਿਚ ਸੁਣ ਲਵੋ ਵੱਡਿਓ ਨਵਾਬੀਓ

ਤਲੀਆਂ 'ਤੇ ਸਿਰ ਕਿੱਦਾਂ ਟਿਕੇ, ਦੱਸਿਓ ਪੰਜਾਬੀਓ

ਹੀਰ ਦੀ ਚੂਰੀ ਦੇ ਨਾਂ, ਕੈਦੋ ਦੀ ਲੂਤੀ ਦੇ ਨਾਂ

ਮੈ ਹਾਂ ਪੰਜਾਬ ਬੋਲਦਾ...........

📝 ਸੋਧ ਲਈ ਭੇਜੋ