ਮੈਂ ਇੱਕ ਕੰਧ ਹਾਂ ਸੱਜਣਾ!
ਮਿੱਟੀ ਨੂੰ ਪੁੱਟ ਕੇ, ਖੂਹਾਂ ਦੇ ਪਾਣੀ ਪਾ,
ਸੁੱਕੀ ਤੂੜੀ ਮਿਲ਼ਾ ਕੇ ਗਾਰਾ ਕਰਕੇ,
ਹੱਥਾਂ ਨਾਲ਼ ਮਿੱਟੀ ਗੁੰਨ੍ਹ, ਪਾਥੀਆਂ ਪੱਥ,
ਧਰਤੀ 'ਤੇ ਆਪ ਖੜ੍ਹੀ ਕੀਤੀ ਆ।
ਸਮੇਂ ਨਾਲ਼ ਮੀਂਹ, ਝੜੀਆਂ ਪੈਣ 'ਤੇ,
ਖੁਰ ਜਾਂਦੀ, ਕਦੇ ਕੱਲਰ ਪੈ ਜਾਂਦਾ,
ਭੁਰ-ਭੁਰ ਕੇ ਖਿੱਲਰ ਜਾਂਦੀ।
ਮੁਸਕਰਾ ਕੇ ਉੱਡ ਪੈਂਦੀ, ਨਾਲ਼ ਹਨੇਰੀਆਂ।
ਤੇ ਰਲ਼ ਜਾਂਦੀ ਫਿਰ ਪੈਲ਼ੀਆਂ ਨਾਲ਼।
ਇਹ ਫਿਰ ਪੁੱਟ ਲਿਆਉਂਦੇ ਮੈਨੂੰ,
ਧਰਤੀ ਦੀ ਹਿੱਕ ਲੱਗ ਸੁੱਤੀ ਨੂੰ, ਧੋਖੇਬਾਜ਼।
ਫੇਰ ਸੰਚਿਆਂ ਨਾਲ਼ ਚੀਕਣੀ ਮਿੱਟੀ ਕਹਿ।
ਕੱਚੀਆਂ ਇੱਟਾਂ ਪਾ, ਮੋਹਰ ਆਪਣੀ ਲਾ।
ਸੂਰਜ ਦੀ ਤਪਸ਼ ਸੁਕਾ, ਰੇੜ੍ਹੇ ਭਰ ਭੱਠੇ ਪਾ।
ਸਾਹ ਬੰਦ ਕਰ, ਸਾੜ ਕੇ, ਮਾਰ ਮੁਕਾ।
ਨਵਾਂ ਰੂਪ ਸ਼ਿੰਗਾਰਿਆ, ਉਸਾਰਿਆ।
ਇਨਸਾਨ ਨੇ, ਤੇ ਫੇਰ ਸਿਰਜਿਆ।
ਪੱਕੀ ਇੱਟਾਂ ਦੀ ਕੰਧ ਕਹਿ, ਤੇ ਵਰਤਿਆ।
ਆਪਣਿਆਂ ਤੋਂ ਓਹਲਾ ਕਰਨ ਲਈ।
ਪਹਿਲਾਂ ਕਈ ਕੀੜੇ, ਚੂਹੇ ਖੁੱਡਾਂ ਪੁੱਟ।
ਗਟਾਰਾਂ ਤੇ ਸੱਪ ਪਰਿਵਾਰ ਪਾਲ਼ਦੇ।
ਮੇਰੀ ਤਹਿ ਥੱਲੇ, ਅਨੰਦਾਂ ਦੀ ਨਗਰੀ ਵਸਾ।
ਮੈਂ ਠੰਢੀ ਹੋ ਮੁਸਕਰਾ ਛੱਡਦੀ।
ਮੈਂ ਸੋਚਦੀ ਸੀ ਬਹੁਤ ਤੰਗ ਕਰਦੇ।
ਇਹ ਜਾਨਵਰ ਮੈਨੂੰ, ਦੰਦੀਆਂ ਵੱਢ ਦੇਣ ਮੁਕਾ।
ਪਰ ਕੀ ਪਤਾ ਸੀ, ਅੱਗੇ ਦਾ ਰਸਤਾ।
ਅੱਗ ਵਿੱਚੋਂ ਵੀ ਤਹਿ ਕਰਨਾ ਪੈਣਾ।
ਧਰਤੀ ਦੀ ਮਿੱਟੀ ਨੂੰ ਇਹਨਾਂ ਫੇਰ ਪੁੱਟ ਲੈਣਾ।
ਪਾਣੀ ਨਾਲ਼ ਭਿਓਂ, ਗੁੰਨ, ਸੰਚੇ ਪਾ।
ਇੱਟਾਂ ਬਣਾ, ਸੁਕਾ, ਭੱਠੇ ਦੀ ਅੱਗ ਤਪਾ।
ਆਪਾ ਵਾਰਨ ਤੇ ਵੀ ਖੜੇ ਹੋਣਾ ਪੈਣਾ।
ਸਿਮਿੰਟ ਦੇ ਪਲਸਤਰ ਓੜ੍ਹਨੇ ਪੈਣੇ।
ਸੰਗਮਰਮਰ ਟਾਇਲਾਂ ਕਿਸੇ ਜੀਅ ਨੂੰ,
ਮੇਰੇ ਲਾਗੇ ਨਹੀਂ ਲੱਗਣ ਦੇਣਾ।
ਛਿਪਕਲੀ ਰੋਂਦੀ ਮੈਨੂੰ ਵੇਖ-ਵੇਖ।
ਜਾਲ਼ੇ ਲਾਉਣ ਲਈ ਕਈ ਕੀੜੇ,
ਕੀੜੀਆਂ ਹਾਰਦੇ ਤੇ ਡਿਗਦੇ ਵੇਖੇ।
ਮੇਰੇ ਗਲ਼ ਲੱਗਣ ਦੀ ਤੜਪ ਵਿੱਚ।
ਪਿੱਪਲ਼, ਬੋਹੜ ਨਹੀਂ ਉੁੱਗਦਾ।
ਝੀਤ ਜੋ ਨਹੀਂ ਕੋਈ ਰਹੀ ਖਾਲੀ।
ਸਲ੍ਹਾਬ ਵੀ ਮੁਕਾ ’ਤੀ ਦੁਸ਼ਮਣਾਂ।
ਮੈਂ ਇਨਸਾਨ ਦੀ ਤਰੱਕੀ ਮਾਪਣ,
ਜੋਗੀ ਰਹਿ ਗਈ ਲਾਸ਼ ਬਣ।
ਤੇ ਜਿੱਥੇ ਮੈਨੂੰ ਖੜ੍ਹੀ ਕਰ 'ਤਾ ਇਹਨਾਂ।
ਮੁੜ ਓਥੇ ਵੀ ਕੁਝ ਨਹੀਂ ਉੱਗਣਾ।
ਇਹਨਾਂ ਛੰਨਾਂ ਢਾਹ, ਦਿੱਤੇ ਲੈਂਟਰ ਪਾ।
ਡਿਗਣ ਦੀ ਕੋਸ਼ਸ਼ ਵਿਅਰਥ ਹੁਣ।
ਕਿਉਂਕਿ ਕੁਦਰਤ ਹੀ ਰਹਿਣੀ ਆਖ਼ਰ।
ਤੇ ਦੁੱਖ ਮੈਨੂੰ ਕਿ ਮੈਂ ਕੰਧ ਬਣੀ।
ਬਣੀ ਕਦੇ ਕੁਦਰਤ ਦਾ ਹਿੱਸਾ ਨਹੀਂ।
ਸਗੋਂ ਖਾ ਕੁਦਰਤ ਦਾ ਹਿੱਸਾ ਗਈ।
ਰੋਈ ਸਰਬ ਜਦ ਗਲ਼ ਲੱਗ ਮੇਰੇ
ਵੇਖੀ ਜਦ ਕਾਗਜ਼-ਕਲਮ ਫੜ੍ਹੀ।
ਦਰਦਾਂ ਮਾਰੀ ਨੂੰ ਦਰਦ ਦੱਸ।
ਕਵੀ ਦਾ ਬਣ ਮੈਂ ਕਿੱਸਾ ਗਈ।
ਕਾਸ਼! ਇਨਸਾਨ ਕੰਧਾਂ ਨਾ ਕਰਦੇ।
ਮੇਰੇ ਜੀਅ ਜੰਤੂ ਵੀ ਨਾ ਮਰਦੇ।
ਕੁਝ ਉੱਗ ਪੈਂਦਾ, ਇਹ ਖਾ ਛੱਡਦੇ।