ਮੈਂ ਜਮਨਾ
ਓਦੋਂ ਵੀ ਇੰਜ ਹੀ ਵਗਦੀ।
ਸੰਧਿਆ ਵੇਲੇ
ਇੱਕ ਦੂਜੇ ਨੂੰ ਕਹਿੰਦੇ ਸੁਣਦੇ
ਕਵੀ ਬਵੰਜਾ ਮੇਰੇ ਕੰਢੇ ਜੁੜਦੇ
ਉੱਚੇ ਪਰਬਤ ਸਾਹਵੇਂ ਸਜਦਾ ਕਰਦੇ
ਮਹਾਂ ਕਵੀ ਨੂੰ ਸੀਸ ਝੁਕਾਉਂਦੇ
ਤੇ ਬਹਿ ਜਾਂਦੇ ਮਾਰ ਚੌਂਕੜੀ
ਅੱਗੇ ਪਿੱਛੇ।
ਬਾਂਕੇ ਸ਼ਬਦ ਨਵੇਂ ਅਲੰਕਾਰ ਸਾਂਭਣੇ
ਮੁਸ਼ਕਲ ਹੁੰਦੇ
ਕਵਿਤਾ ਵਾਂਗ ਫੁਹਾਰੇ ਉਠਦੀ
ਵਾਹਵਾ ਹੁੰਦੀ ਤੇ ਖਿੰਡ ਜਾਂਦੀ
ਮੇਰੀਆਂ ਛੱਲਾਂ ਉੱਤੇ ਛਹਿਬਰ ਬਣ ਕੇ
ਹੁਣ ਵੀ ਜਦ ਕੋਈ ਸ਼ਾਇਰ ਕਤਲ ਹੋਵੰਦਾ
ਆਪਣੀ ਲੱਥ-ਪੱਥ ਰੂਹ ਦੀ
ਲਾਸ਼ ਉਠਾ ਕੇ
ਚੁੱਪ-ਚਾਪ ਆ ਬੈਠੇ ਮੇਰੇ ਏਸੇ ਕੰਢੇ
ਏਥੇ ਥਾਂ ‘ਤੇ