ਮੈਂ ਜੋ ਵੀ ਸ਼ਬਦ ਲਿਖਾਂ
ਤੇਰੀ ਉਸਤਤ ਵਿਚ ਲਿਖਾਂ
ਨਹੀਂ ਤਾਂ ਨਿਰਸ਼ਬਦਾ ਹੀ ਰਹਾਂ
ਬਸ ਏਹੋ ਕਾਮਨਾ ਕਰਨ ਲਈ
ਅੱਖਾਂ ਬੰਦ ਕਰ ਲਈਆਂ ਹਨ
ਜੋ ਵੀ ਚਿਤਰ ਮੇਰੇ ਹਥੋਂ ਬਣੇਂ
ਸੰਦਰਤਾ ਦੇ ਨਵੇਂ ਅਰਥ ਸਿਰਜੇ
ਨਹੀਂ ਤਾਂ ਬਣਦਾ ਹੀ ਖੁਰ ਜਾਵੇ
ਮੈਂ ਤੇਰੀ ਝਲਕ ਵਿਚ
ਸੰਪੂਰਨਤਾ ਦੇ ਦਰਸ਼ਨ ਕੀਤੇ ਹਨ
ਇਸੇ ਲਈ ਹੁਣ ਅਪੂਰਨਤਾ ਦੇਖ ਸਕਦਾ ਹਾਂ
ਬੰਦ ਪਲਕਾਂ ਪਿੱਛੇ ਅੱਖਾਂ ਖੋਲ੍ਹੀ ਬੈਠੀ ਦ੍ਰਿਸ਼ਟੀ
ਛਿਣ ਭੰਗਰ ਵਿਚ ਝਾਤ ਮਾਰ ਲੈਂਦੀ ਹੈ
ਤੇ ਤੈਨੂੰ ਇੰਦਰਧਨੁਸ਼ ਵਿਚ ਬੈਠੀ ਨੂੰ
ਪਛਾਣ ਲੈਂਦੀ ਹੈ
ਮੈਂ ਆਪਣੀ ਬਾਂਹ ਲੱਖਾਂ ਯੋਜਨ ਲੰਮੀ ਕਰਕੇ
ਤੇਰੇ ਵਾਲ ਛੋਹ ਲੈਂਦਾ ਹਾਂ ਤੇ
ਲਹਿਰ ਲਹਿਰ ਹੋ ਜਾਂਦਾ ਹਾਂ