ਮੈਂ ਕਦ ਕਿਹਾ
ਕਿ ਤੂੰ ਨੰਦਪੁਰ ਨੂੰ ਨਾ ਜਾ
ਅਕਾਲ ਤਖ਼ਤ ਤੇ ਨਾ ਬੈਠ
ਮੈਂ ਕਦ ਮੋੜਦਾਂ ਗੜ੍ਹੀ ਵੱਲ ਜਾਣ ਤੋਂ
ਕਿ ਬੰਦ ਬੰਦ ਨਾ ਕਟਵਾ
ਟੋਟੇ ਟੋਟੇ ਨਾ ਕਰਵਾ ਬੱਚਿਆਂ ਦੇ
ਹਾਰ ਪਵਾਉਣ ਲਈ
ਅੰਮ੍ਰਿਤ ਨਾ ਛਕਾ!
ਮੈਨੂੰ ਤਾਂ ਪੰਜ ਹੀ ਬਹੁਤ ਨੇ
ਪਰ ਉਹਨਾਂ ਚੋਂ ਕਿਸੇ ਦੇ ਧੜ ਉਤੇ
ਸਿਰ ਤਾਂ ਹੋਵੇ
ਕੋਈ ਤਾਂ ਹੋਵੇ
ਲਕੀਰ ਖਿੱਚਣ ਵਾਲਾ ਖੰਡੇ ਨਾਲ
ਚਾਅ ਤਾਂ ਹੋਵੇ ਗੜ੍ਹੀ ਵਿੱਚ ਜੂਝਣ ਦਾ
ਰੀਝ ਤਾਂ ਹੋਵੇ ਨੀਂਹਾਂ ਵਿੱਚ ਖੜ੍ਹਨ ਦੀ
ਜਜ਼ਬਾ ਤਾਂ ਹੋਵੇ ਤਵੀ ਤੇ ਬੈਠਣ ਦਾ
ਬਾਂਹਾਂ ਤਾਂ ਹੋਣ ਬੰਦ ਬੰਦ ਕਟਵਾਉਣ ਜੋਗੀਆਂ
ਸਿਰ ਤੇ ਖੋਪਰੀਆਂ ਤਾਂ ਲਹਾਉਣ ਲਈ
ਕਤਲ ਵਾਰਨ ਜੋਗਾ ਸੀਸ ਤਾਂ ਹੋਵੇ ਦਿਸਦਾ
ਪਹਿਲਾਂ ਜਿਹੜੇ ਸਜੇ ਫਿਰਦੇ ਨੇ
ਕਿਤੇ ਥੋੜੇ ਨੇ
ਉਹਨਾਂ ਦੇ ਦੁਰ-ਕਾਰਨਾਮੇ ਤਾਂ ਗਿਣ
ਸੰਗਤਾਂ ਦੀਆਂ ਕਿਰਤ ਕਮਾਈਆਂ
ਹੜੱਪ ਗਏ ਨਿੱਜੀ ਹਿੱਤਾਂ ਲਈ
ਖਾ ਗਏ ਮਾਸ ਲਾਲੋ ਦੀ ਕਿਰਤ ਦਾ
ਲਹੂ ਭੁੱਖਿਆਂ ਪਹਿਰਾਂ ਦਾ ਵੀ ਪੀ ਗਏ
ਤੇ ਅਜੇ ਵੀ ਸੰਗਤ ਦੀਆਂ ਭੇਟਾਵਾਂ ਖੁੱਲ੍ਹ ਕੇ ਵਰਤੀ ਜਾ ਰਹੇ ਹਨ
ਕਿੰਨੀ ਕੁ ਭੁੱਖ ਹੈ ਇਹਨਾਂ ਦੇ ਦਰਾਂ ਤੇ
ਕਿਉਂ ਏਨਾ ਲਾਲਸ ਦਾ ਹਨੇਰ ਇਹਨਾਂ ਦੇ ਘਰਾਂ 'ਚ
ਰੋਕਾਂਗੇ ਨਹੀਂ ਝੱਲਾਂਗੇ
ਕੋਈ ਬੇਅਦਬ ਨਹੀਂ ਹੋਣ ਦੇਵਾਂਗੇ
ਨਨਕਾਣੇ ਅੰਬਰਸਰ ਦਾ ਸ਼ਬਦ
ਪਰ ਸਰੂਪ ਕਿੱਥੇ ਗੁੰਮ ਹੋ ਜਾਂਦੇ ਕਈ ਕਈ ਸੌ
ਕਦੇ ਪੁੱਛਿਆ ਇਹਨਾਂ ਨੂੰ?
ਪਰਸ਼ਾਦ ਪਾਠਾਂ ਭੇਟਾ ਲਈ
ਗੁਪਲੀਕੇਟ ਪਰਚੀਆਂ ਕਿਵੇਂ
ਛਪ ਜਾਂਦੀਆਂ ਨੇ ਓਸੇ ਪ੍ਰੈਸ ਤੇ
ਜਿਥੇ ਗੁਰੂ ਨਾਨਕ ਦੇ ਪਾਵਨ ਬੋਲ ਛਪਦੇ ਨੇ
ਤੂੰ ਕੱਲ ਅਕਾਲ ਤਖ਼ਤ ਤੇ ਗਿਆ ਸੀ
ਤੈਨੂੰ ਯਾਦ ਨਾ ਆਇਆ?
ਓਥੇ ਕਿਉਂ ਨਾ ਮੱਥਾ ਠਣਕਿਆ
ਕਿਉਂ ਨਾ ਇਹਨਾਂ ਨੂੰ
ਪਹਿਲਾਂ ਇਹ ਸੱਭ ਕੁਝ ਬਿਠਾ ਕੇ
ਪੁੱਛਿਆ?
ਕਿਉਂ ਨਾ ਲਾਈ ਇਹਨਾਂ ਪੁਜਾਰੀਆਂ ਦੀ ਕਲਾਸ
ਓਦਾਂ ਕਹਿਨਾ ਮੇਰੇ ਸਭ ਗਿਆਨ ਹੈ
ਗਿਆਨ ਹੋਵੇ ਉਹਦੀ ਲੋਅ ਵਰਤੀ ਦੀ
ਸੰਵਾਦ ਦੀ ਤੇਗ ਨਾਲੋਂ ਕੁਝ ਨਹੀਂ ਤਿੱਖਾ ਹੁੰਦਾ
ਗਾਂਧੀ ਗਣੇਸ਼ ਕਿਉਂ ਛਪੇ ਕਰੰਸੀ ਤੇ
ਦੁਨੀਆਂ ਦੀ ਕਰੰਸੀ ਤੇ
ਬਾਬਾ ਨਾਨਕ ਦਾ ਸੰਦੇਸ਼ ਕਿਉਂ ਨਾ ਛਪੇ?
ਕਿਉਂ ਨਾ ਉਕਰਿਆ ਜਾਵੇ ਸਿਰਨਾਵਾਂ ਉਸ ਸੂਰਜ ਦਾ
ਖੰਡਾ ਕੇਸਰੀ ਨਿਸ਼ਾਨ ਤਾਂ ਰੰਗਾਂ ਚ ਹੋਵੇ
ਬਾਈਬਲ ਦੁਨੀਆਂ ਦੇ ਹੋਟਲਾਂ
ਦੇ ਹਰ ਕਮਰੇ ਵਿਚ ਦਰਾਜਾਂ ਵਿਚ
ਪਈ ਮਿਲਦੀ ਹੈ
ਨਾਨਕ ਦਾ ਸੰਦੇਸ਼ ਫਿਲਾਸਫੀ ਕਿਉਂ ਨਹੀਂ
ਕੀ ਕਰਦੀਆਂ ਨੇ ਇਹ ਸਿੱਖ ਸੰਸਥਾਵਾਂ
ਪੈਂਫਲਿਟ ਕਿਉਂ ਨਹੀਂ ਨਨਕਾਣੇ ਦੇ
ਮੂਰਤ ਕਿਉਂ ਨਹੀਂ ਕਰਤਾਰਪੁਰ ਦੇ ਖ਼ੇਤਾਂ ਦੀ
ਛੇਹਰਟਾ ਸਾਹਿਬ ਦਾ ਚਿੱਤਰ ਕਿਉਂ ਨਹੀਂ
ਕੀ ਸਵਾਰਿਆ ਉਹਨਾਂ ਨੇ
ਸਿੱਖ ਹੀ ਸਨ ਉਹ
ਜਿਹੜੇ ਪੰਜਾਬ ਸਰਕਾਰ ਸਾਂਭਦੇ
ਰਹੇ ਨੇ-
ਚੰਡੀਗੜ੍ਹ ਤੇ ਪੰਜਾਬੀ ਬੋਲਦੇ
ਇਲਾਕੇ ਵੀ ਨਾ ਲੈ ਸਕੇ
ਹਰਿਆਣਾ ਹਿਮਾਚਲ ਕਿਉਂ ਨਹੀਂ ਵਾਪਿਸ ਮੰਗਿਆ
ਵਰਤੇ ਪਾਣੀ ਦਾ ਮੁਆਵਜ਼ਾ ਕਿਉਂ ਨਾ ਕੋਈ ਦੇਵੇ
ਸਰਹੱਦਾਂ ਕਿਉਂ ਨਾ ਢਾਹੀਆਂ
ਵਾਗੇ ਬਾਡਰ ਕਿਉਂ ਨਾ ਖੁਲ੍ਹਵਾਏ
ਮਨ ਨੀਵਾਂ ਮੱਤ ਉਚੀ
ਸੁਨੇਹਾ ਹੈ ਸਾਨੂੰ
ਯਾਦ ਰੱਖੀਂ
ਅਜੇ ਕੌਮ ਦੇ ਚੁਰਾਸੀ ਦੇ
ਜ਼ਖ਼ਮ ਨਹੀਂ ਭਰੇ
ਜਦ ਯਾਦ ਆਉਂਦੇ ਨੇ
ਉਹ ਦਿਨ ਤਾਂ ਬੱਚੇ
ਰਾਤਾਂ ਵਿੱਚ ਕੰਬ ਕੰਬ ਉੱਠਦੇ ਨੇ
ਹਜ਼ਾਰਾਂ ਮਾਵਾਂ ਬਾਪ ਕਬਰਾਂ ਨੂੰ ਟੁਰ ਗਏ
ਤੈਂ ਫੈਸਲੇ ਕਿਉਂ ਨਾ ਮੰਗੇ ਅੰਨ੍ਹੀਆਂ ਅਦਾਲਤਾਂ ਤੋਂ
ਪਹਿਲਾਂ ਇਹ ਉੱਤਰ ਦੇਅ ਲਿਖ ਕੇ
ਅਗਲੀ ਚਿੱਠੀ ਵੀ ਲਿਖ ਰਿਹਾਂ
ਉਹ ਵੀ ਪੜ੍ਹ ਲਈਂ
ਬਹੁਤੇ ਤੱਤੇ ਕਾਹਲੇ ਨਹੀਂ ਵਗੀਦਾ
ਥੱਕ ਜਾਈਦਾ
ਗਲਤੀਆਂ ਹੋ ਜਾਂਦੀਆਂ ਹਨ
ਫਿਰ ਸਵੈਚਿੰਤਨ ਕਰਦਾ ਫਿਰੇਂਗਾ