ਮੈਂ ਕਵਿਤਾ ਲਿਖਦਾ ਹਾਂ
ਕਿਉਂਕਿ ਮੈਂ ਜੀਵਨ ਨੂੰ
ਇਸਦੀ ਸਾਰਥਕਤਾ ਵਿੱਚ
ਜਿਉਣਾ ਚਾਹੁੰਦਾ ਹਾਂ
ਕਵਿਤਾ ਨਾ ਲਿਖਾਂ
ਤਾਂ ਮੈਂ ਨਿਰਜੀਵ ਪੁਤਲਾ
ਬਣ ਜਾਂਦਾ ਮਿੱਟੀ ਦਾ
ਖਾਂਦਾ ਪੀਂਦਾ ਸੌਂਦਾ
ਮੁਫ਼ਤ ਵਿੱਚ ਡਕਾਰਦਾ
ਰੁੱਖਾਂ ਤੋਂ ਮਿਲੀ ਆਕਸੀਜਨ
ਛੱਡਦਾ ਕਾਰਬਨ ਡਾਇਆਕਸਾਈਡ
ਹਵਾ ਪਲੀਤ ਕਰਦਾ
ਅੰਨ ਖਰਾਬ ਕਰਦਾ
ਧਰਤ ਤੇ ਬੋਝ ਜਿਹਾ
ਬਣ ਜਾਂਦਾ ਹਾਂ ਮੈਂ
ਆਪਣੇ ਆਪ ਨੂੰ
ਲੱਗਣ ਲੱਗਦਾ ਪਾਪ ਜਿਹਾ
ਪਰ ਜਦੋਂ ਮੈਂ ਕਵਿਤਾ ਲਿਖਦਾ ਹਾਂ
ਧਰਤੀ ਦਾ ਦਰਦ
ਸ਼ਬਦਾਂ ’ਚ ਪਰੋਂਦਾ ਹਾਂ
ਧਰਤੀ ਤੇ ਰਹਿੰਦੇ ਮਨੁੱਖਾਂ ਦੇ
ਦਰਦ ਨਾਲ ਦੁਖੀ ਹੁੰਦਾ
ਉਹਨਾਂ ਦੀ ਖੁਸ਼ੀ ਵਿੱਚ
ਮੇਰਾ ਅੰਦਰ ਖਿੜ ਜਾਂਦਾ
ਮੈਂ ਕਵਿਤਾ ਲਿਖਦਾ ਜਦੋਂ
ਉਹਨਾਂ ਦੇ ਦਰਦ
ਉਹਨਾਂ ਦੀ ਖੁਸ਼ੀ ਦੇ
ਗੀਤ ਗਾਉਂਦਾ
ਮੈਂ ਸ਼ਬਦ ਸ਼ਬਦ ਜੁੜਦਾ
ਕਵਿਤਾ ਬਣ ਜਾਂਦਾ
ਮੇਰਾ ਅੰਦਰ ਬਾਹਰ
ਅਜਬ ਜਿਹੇ ਖੇੜੇ ਨਾਲ ਭਰ ਜਾਂਦਾ
ਮੈਂ ਧਰਤੀ ਦਾ ਅੰਨ ਖਾਂਦਾ ਹਾਂ
ਹਵਾ ਤੋਂ ਸਾਹ ਲੈਂਦਾ ਹਾਂ
ਜ਼ਮੀਨ ਦੇ ਟੁਕੜੇ ਨੇ ਮੈਨੂੰ
ਰਹਿਣ ਲਈ ਥਾਂ ਦਿੱਤੀ ਹੈ
ਕਰਜ਼ਦਾਰ ਹਾਂ ਮੈਂ ਧਰਤੀ ਦਾ
ਮੈਂ ਕਵਿਤਾ ਲਿਖਦਾ ਹਾਂ
ਕਿ ਧਰਤੀ ਦਾ
ਕੁਝ ਕੁ ਕਰਜ਼ ਮੋੜ ਸਕਾਂ।