ਮੈਂ ਲਿਖਦੀ ਹਾਂ, ਕੁਦਰਤ ਲਈ

ਹਾਂ, ਹਾਂ ਇਹ ਸੱਚ ਹੈ ਜਾਣ ਲਓ।

 ਹਾਂ ਮੈਂ ਜਾਣ ਗਈ, ਤੁਸੀਂ ਜਾਣ ਲਓ।

 ਹਾਂ ਮੈਂ ਲਿਖਦੀ ਹਾਂ, ਕੁਦਰਤ ਬਚਾਵਣ ਲਈ।

 ਹਾਂ ਮੈਂ ਸੋਚ ਲਿਆ, ਲਿਖਣਾ ਬੱਸ ਓਸ ਲਈ।

 ਹਾਂ, ਹਾਂ ਮੈਂ ਤੱਕੇ ਨੇ ਅੱਜ ਸੁਰਮੇ ਰੰਗੇ ਬੱਦਲ਼।

 ਹਾਂ, ਹਾਂ ਮੈਂ ਵੇਖਿਆ ਹੈ, ਦੁੱਧ ਚਿੱਟਿਆਂ ਵੱਲ।

 ਹਾਂ, ਹਾਂ ਮੈਂ ਕਰ ਲਈਆਂ, ਉਹਨਾਂ ਸੰਗ ਅੱਖਾਂ ਚਾਰ।

 ਹਾਂ, ਹਾਂ ਮੈਂ ਨਿਕਲ਼ ਗਈ ਸੀ, ਬੱਦਲ਼ਾਂ ਦੇ ਨਾਲ਼।

 ਹਾਂ, ਹਾਂ ਮੈਂ ਪੱਟ ਲਿਆ ਹੈ, ਬੱਦਲ਼ੀ ਦਾ ਖ਼ਸਮ।

 ਹਾਂ, ਹਾਂ ਮੈਂ ਦਿਲ ਦੇ 'ਤਾ, ਕੱਢ ਲਓ ਸਭ ਭਰਮ।

 ਹਾਂ, ਹਾਂ ਮੈਂ ਸਿਵਾਉਣਾ ਹੁਣ, ਸੁਰਮੇ ਰੰਗਾ ਸੂਟ।

 ਹਾਂ ਮੈਂ ਸਿਵਾਉਣੀ ਹੈ, ਚਿੱਟੀ ਹੁਣ ਸਲਵਾਰ।

 ਹਾਂ, ਹਾਂ ਮੈਂ ਲੈਣੀ ਹੈ, ਚੁੰਨੀ ਬੱਦਲ਼ੀ ਰੰਗੀ।

 ਹਾਂ, ਹਾਂ ਮੈਂ ਗਈ ਹੁਣ, ਬੱਦਲ਼ ਦੇ ਸੰਗ ਮੰਗੀ।

 ਹਾਂ, ਹਾਂ ਓਸ ਸੁੱਟੀਆਂ ਸੀ, ਮੇਰੇ ਉੁੱਤੋਂ ਕਣੀਆਂ।

 ਹਾਂ ਮੈਂ ਦੇਤਾ ਦਿਲ, ਜਦ ਸਾਡਿਆਂ ਉੱਤੇ ਬਣੀਆਂ।

 ਹਾਂ, ਹਾਂ ਮੇਰੇ ਅੰਦਰ, ਨਹੀਂ ਕੋਈ ਫੇਰ-ਵਲ਼।

 ਹਾਂ ਮੈਂ ਕਰਨਾ ਸੀ, ਮਾਂ ਆਪਣੀ ਜਲ-ਥਲ।

 ਹਾਂ, ਹਾਂ ਮੈਂ ਦਿਲ ਵੱਟੇ, ਮੰਗ ਲਿਆਈ ਹਾਂ ਪਾਣੀ।

 ਹਾਂ, ਹਾਂ ਮੈਂ ਬਣਨਾ ਹੈ, ਬੱਦਲ਼ ਦੀ ਪਟਰਾਣੀ।

 ਹਾਂ ਓਸ ਧੋ ਦਿੱਤੇ, ਤੇਰੇ ਕੀਤੇ ਅੰਬਰ ਕਾਲ਼ੇ।

 ਹਾਂ, ਹਾਂ ਹੁਣ ਘੁੰਮਣਗੇ, ਮੇਰੀ ਮਾਂ ਧਰਤੀ ਦੁਆਲ਼ੇ।

 ਹਾਂ, ਹਾਂ ਮੈਂ ਹਾਂ ਦਗ਼ੇਬਾਜ਼, ਰੰਨ ਬੱਦਲ਼ ਦੀ ਹੋਈ।

 ਕੀ ਕਰਦੀ ਜਦ ਮੇਰੇ ਸਾਹਵੇਂ, ਜਾਂਦੀ ਧਰਤੀ ਮੋਈ।

 ਹਾਂ ਮੈਂ ਨਹੀਂ ਵੇਖ ਸਕੀ, ਸੜੇ ਰੁੱਖ ਤੇ ਸੜਿਆ ਘਾਹ।

 ਹਾਂ, ਹਾਂ ਮੈਂ ਕਰ ਲੈਣਾ, ਬੱਦਲ਼ ਸੰਗ ਵਿਆਹ।

 ਮੈਂ ਤੇਰੀਆਂ ਕਰਤੂਤਾਂ ਤੋਂ, ਗਈ ਸੀ ਤੰਗ।

 ਹਾਰ ਕੇ ਬੱਦਲ਼ ਦਿਲ ਦੇ ਕੇ, ਜਲ ਲਿਆਈ ਮੰਗ।

 ਚੁੱਪ ਹੋ ਕੇ ਬਹਿਜਾ, ਨਾ ਕਰ ਸਰਬ ਨੂੰ ਬਹੁਤਾ ਤੰਗ।

 ਬੱਦਲ਼ ਦੀ ਪਟਰਾਣੀ ਬਣ ਮੈਂ, ਰਹਿਣਾ ਕੁਦਰਤ ਸੰਗ।

📝 ਸੋਧ ਲਈ ਭੇਜੋ