ਮੈਂ ਲੋਕਾਂ ਨੂੰ ਲੱਖ ਵਾਰੀ ਸਮਝਾਇਆ ਏ
ਬੰਦਾ ਜਗ 'ਤੇ ਡਿੱਗਿਆ ਨਈਂ ਏ ਆਇਆ ਏ
ਵੇਖ ਸਿਆਸਤ ਰਲ਼ ਕੇ ਕਾਂ ਤੇ ਗਿਰਝਾਂ ਨੇ
ਸਾਰੇ ਜਗ ਨੂੰ ਕੁੱਤਿਆਂ ਵਾਂਗ ਲੜਾਇਆ ਏ
ਦਿਲ ਨਈਂ ਮੰਨਦਾ ਉਂਜ ਪਰ ਹਾਲਤ ਦਿਸਦੀ ਏ
ਸਾਡੇ ਦੇਸ਼ 'ਤੇ ਡੈਣ ਕਿਸੇ ਦਾ ਸਾਇਆ ਏ
ਕੰਨਾਂ ਨੂੰ ਹੱਥ ਲਾ ਲਏ ਸੱਪ ਤੇ ਠੂਹਿਆਂ ਨੇਂ
ਇਥੇ ਜਿਹੜਾ ਲੋਕਾਂ ਰੰਗ ਵਿਖਾਇਆ ਏ
ਮੈਂ ਈ ਨਈਂ ਘਬਰਾਇਆ ਤੱਕ ਕੇ ਸ਼ੀਸ਼ੇ ਨੂੰ
ਮੈਨੂੰ ਤੱਕ ਕੇ ਸ਼ੀਸ਼ਾ ਵੀ ਘਬਰਾਇਆ ਏ
ਸਾਰੀ ਉਮਰਾਂ ਪੜ੍ਹਨਾ ਏ ਨਾ ਪੜ੍ਹਿਆ ਸੀ
ਜਿਹੜਾ ਮੈਨੂੰ ਤੇਰੇ ਇਸ਼ਕ ਪੜ੍ਹਾਇਆ ਏ
‘ਸੰਧੂ’ ਉਹੀਓ ਉਹੀਓ ਇੱਕ ਦਿਨ ਭੁਗਤੇਗਾ
ਜਿਹਨੇ ਜਿਹਨੇ ਜੋ ਜੋ ਜ਼ੁਲਮ ਕਮਾਇਆ ਏ