ਮੈਂ ਮੁਖ਼ਬਰ ਨਹੀਂ ਸਾਂ

ਮੈਂ ਮੁਖ਼ਬਰ ਨਹੀਂ ਸਾਂ

ਮੈਂ ਤਾਂ ਤਿੰਨ ਵਰ੍ਹੇ ਦੀ ਬੱਚੀ ਸਾਂ

ਸਾਢੇ ਤਿੰਨ ਦੀ ਹੋਵਾਂਗੀ

ਬੜੀ ਹੱਦ ਚਾਰ ਦੀ

ਏ. ਬੀ. ਸੀ. ਪੜ੍ਹ ਰਹੀ ਸਾਂ

ੳ. ਅ. ੲ. ਸ.

ਤਿੰਨ ਕਿ ਚਾਰ ਅੰਕਲ ਆਏ

ਪਹਿਲਾਂ ਮੇਰੇ ਦਾਦੇ ਨੂੰ ਮਾਰਿਆ

ਫੇਰ ਮੇਰੀ ਦਾਦੀ ਨੂੰ

ਫੇਰ ਮੇਰੇ ਡੈਡੀ ਨੂੰ ਮਾਰਿਆ

ਫੇਰ ਮੇਰੀ ਮੰਮੀ ਨੂੰ

ਫੇਰ ਮੇਰੇ ਵੱਡੇ ਵੀਰੇ ਨੂੰ ਮਾਰਿਆ

ਫੇਰ ਛੋਟੇ ਨੂੰ

ਤੇ ਫੇਰ ਉਹ ਮੈਨੂੰ ਮਾਰਨ ਲੱਗੇ

ਮੈਂ ਆਖਿਆ, ਅੰਕਲ !

ਮੈਨੂੰ ਕਿਉਂ ਮਾਰਦੇ ਹੋ ?

ਆਖਣ ਲੱਗੇ, ਤੂੰ ਮੁਖ਼ਬਰ ਹੈਂ !

ਮੈਂ ਆਖਿਆ, ਅੰਕਲ !

ਮੁਖ਼ਬਰ ਕਿਸਨੂੰ ਕਹਿੰਦੇ ਹਨ ?

ਉੱਤਰ ਵਿਚ ਉਹਨਾਂ ਮੇਰੇ

ਚੌਦਾਂ ਗੋਲੀਆਂ ਮਾਰੀਆਂ

ਪਰ ਮੈਨੂੰ ਅਜੇ ਵੀ ਪਤਾ ਨਹੀਂ

ਮੁਖ਼ਬਰ ਕਿਸਨੂੰ ਕਹਿੰਦੇ ਹਨ

📝 ਸੋਧ ਲਈ ਭੇਜੋ