ਮੈਂ ਨੱਚਦਾ ਹਾਂ
ਪਾਣੀ ਅਗਨ ਹਵਾ
ਮੇਰੇ ਸੁਰ ਤਾਲ ਨੇ
ਤੇਰੇ ਜਿਸਮ ਦਾ ਜਲੌਅ
ਭੜਕਾਉਂਦਾ ਹੈ ਮੇਰੇ ਮਨ ਦੀ ਅਗਨ
ਅਗਨ – ਜੋ ਮੱਚਦੀ ਹੈ ਮੇਰੀ ਤਲੀ ‘ਤੇ
ਮੈਂ – ਤੇਰੇ ਮੋਹ ਦੇ ਨਾਗਾਂ ਦਾ ਵਲਿਆ
ਤੈਨੂੰ ਲੱਭਣ ਲਈ ਪੀਂਦਾ ਹਾਂ ਹਲਾਹਲ
ਮੈਂ ਨੱਚਦਾ ਹਾਂ – ਅਥੱਕ
ਮਿੱਧਦਾ ਹਾਂ ਬਾਰ ਬਾਰ ਆਪੇ ਨੂੰ
ਪੈਰ ਕਦੇ ਦੱਬ ਲੈਂਦੇ – ਤੇ ਕਦੇ ਕਰਦੇ ਨੇ ਮੁਕਤ
ਤਨ ‘ਚੋਂ ਵਗਦੇ
ਗਰਮ ਲਾਵੇ ਦੇ ਸੇਕ ‘ਚ ਮੱਚਦੀ ਕਾਇਆ ਨੂੰ
ਤੂੰ ਮੇਰੇ ਸਾਹਾਂ ਦੀ ਧੂਣੀ
ਮਘਦੀ ਹੈਂ ਮੱਚਦੀ ਹੈਂ
ਮੇਰੇ ਅੰਦਰ ਬਾਹਰ ਚਾਰ ਦੁਆਰ
ਮੇਰੇ ਸਾਹਾਂ ਅੰਗਾਂ ‘ਚ ਸੁਗੰਧਾਂ ਵਾਂਗ ਰਚੀ ਉਮਾ
ਆ –
ਮੇਰੀ ਗਤੀ ‘ਚ ਗਤੀ ਬਣਕੇ ਰਲ ਜਾ
ਮੇਰੇ ਡਮਰੂ ਦੀਆਂ ਤਣੀਆਂ ਵਾਂਗ
ਮੈਨੂੰ ਲਗਾਤਾਰ ਮਿਲ
ਕਿ ਮੈਂ ਹੁਣ ਰੁਕ ਨਹੀਂ ਸਕਦਾ
ਇਹ ਤਾਂਡਵ ਹੋਣੀ ਹੈ ਮੇਰੀ
ਕਿ ਮੈਂ ਜੋ ਸਿਰਜਣਾ ਹੈ
ਤੇਰੇ ਨਾਲ ਸਿਰਜਾਂਗਾ
ਤੈਥੋਂ ਬਿਨਾਂ
ਮੈਂ ਕੁਝ ਨਹੀਂ
ਮੈਂ ਨੱਚਦਾ ਹਾਂ ਤੇਰੇ ਲਈ