ਮੈਂ ਸੂਰਜ ਨਾ ਚੰਨ ਨਾ ਤਾਰਾ, ਮੈਂ ਹਾਂ ਇਕ ਇਨਸਾਨ ।
ਮੈਂ ਹਾਂ ਤੇਰਾ ਜੀਵਨ ਸਾਥੀ, ਆਖ ਨਾ ਤੂੰ ਭਗਵਾਨ ।
ਮੈਂ ਹਾਂ ਤੇਰਾ ਸ਼ੀਸ਼ਾ ਮੈਨੂੰ, ਹਰ ਦਮ ਸਾਂਭ ਕੇ ਰੱਖ,
ਮੇਰੇ ਅੰਦਰ ਝਾਕ ਕੇ ਸੱਜਨਾਂ ਆਪਣਾ ਆਪ ਪਛਾਣ ।
ਸੱਭੇ ਬੰਦੇ ਧਰਤੀ ਜਾਏ, ਸੱਭੇ ਵੀਰ ਭਰਾ,
ਵੀਰਾਂ ਅਤੇ ਭਰਾਵਾਂ ਉੱਤੇ ਰੱਖੀਏ ਨੇਕ ਗੁਮਾਨ ।
ਆ ਹੁਣ ਇਹਦੇ ਨੀਲੇ ਲੀੜੇ, ਕਰੀਏ ਲੀਰ-ਕਤੀਰ,
ਧਰਤੀ ਤੇ ਨਿਤ ਜ਼ੁਲਮ ਕਮਾਂਦਾ ਇਹ ਵੈਰੀ ਅਸਮਾਨ ।
ਭਾਵੇਂ ਮੇਰੀ ਸੋਹਲ ਆਜ਼ਾਦੀ, ਮੈਨੂੰ ਅੱਤ ਅਜ਼ੀਜ਼,
ਹੁਸਨ ਤੇਰੇ ਦਾ ਚਾਕਰ ਹਾਂ ਮੈਂ, ਇਸ਼ਕ ਦਾ ਬੰਦੀਵਾਨ ।
ਨਿਰਧਨ ਤੇਰੇ ਵਲ ਤੱਕਦੇ ਨੇ, ਕਿਹੜੀ ਆਸ ਦੇ ਨਾਲ,
ਜੇ ਤੂੰ ਕੁੱਝ ਵੀ ਦੇਣ ਨਾ ਜੋਗਾ, ਜਾਨ ਈ ਕਰਦੇ ਦਾਨ ।
ਮੈਨੂੰ ਆਪਣੇ ਲੇਖਾਂ ਉੱਤੇ, ਕਿਉਂ ਨਾ ਹੋਵੇ ਨਾਜ਼,
ਲੋਕੀ ਮੇਰਾ ਮਾਨ ਨੇ 'ਆਰਿਫ਼', ਮੈਂ ਲੋਕਾਂ ਦਾ ਮਾਨ ।