ਮੈਂ ਤਾਂ ਇੱਕ ਬੀਜ਼ ਹਾਂ

ਮੈਂ ਤਾਂ ਇੱਕ ਬੀਜ਼ ਹਾਂ

ਨਿੱਕਾ ਜੇਹਾ-

ਥੋੜਾ 2 ਸੰਗਦਾ

ਧਰਤੀ ਦੀ ਕੁੱਖ ਮੰਗਦਾ -

ਮਿੱਟੀ ਛੁਪਿਆ ਵੀ

ਪਲਕ ਖੋਲ੍ਹ ਲਵਾਂਗਾ-

ਪੱਥਰਾਂ ਹੇਠ ਆਇਆ ਵੀ

ਅੰਗਿੜਾਈ ਲੈ ਲਵਾਂਗਾ-

ਮੈਂ ਹੋਰ ਕੁਝ ਨਹੀਂ ਮੰਗਦਾ

ਮੁੱਠ ਕੁ ਮਿੱਟੀ ਤੇ ਛੰਨਾ ਕੁ ਪਾਣੀ

ਜਾਗ ਲੈਣ ਦੇ ਮੈਨੂੰ

ਮੇਰੀਆਂ ਪਰਤਾਂ ਚੋਂ

ਉੱਠ ਲੈਣ ਦੇ

ਮੈਨੂੰ ਮੇਰੇ ਉਨੀਂਦਰੇ ਚੋਂ-

ਕਰੂੰਬਲਾਂ ਪੱਤਿਆਂ ਦੇ ਜਦ ਹਾਣਦਾ ਹੋਇਆ

ਤੈਨੂੰ ਪਵਨ ਝੱਲ ਮਾਰਾਂਗਾ  

ਸਾਹ ਟੋਰਾਂਗਾ ਤੇਰੇ-ਸੁੱਖ ਬਖ਼ਸ਼

ਮਹਿਕਾਂ ਵੰਡਾਂਗਾ

ਤੇਰੇ ਨਵੇਂ ਸਵੇਰਿਆਂ ਨੂੰ

ਤੇਰੀਆਂ ਉਦਾਸ ਦੁਪਹਿਰਾਂ ਨੂੰ

ਨੱਚਣ ਲਾਵਾਂਗਾ-

ਉਮੀਦ ਟੰਗਾਂਗਾ ਤੇਰੇ ਲਈ

ਆਪਣੀਆਂ ਡਾਲੀਆਂ ਤੇ-

ਤੇਰੇ ਉਦਾਸ ਦਿਨ ਲਪੇਟ ਕੇ ਲੈ ਜਾਂਵਾਂਗਾ

ਡੂੰਘੇ ਸਾਗਰ ਦਫ਼ਨਾਣ

ਮੇਰੇ ਫੁੱਲਾਂ ਦੇ ਰੰਗਾਂ ਨਾਲ

ਆਪਣੀ ਉਮਰ ਰੰਗ ਲਵੀਂ

ਮੇਰੀਆਂ ਸੁਗੰਧੀਆਂ ਨਾਲ

ਆਪਣਾ ਬਦਨ ਕੱਜ ਲਈਂ-

ਹੋਰ ਦੱਸ ਕੀ ਦੇ ਸਕਦਾ ਹਾਂ ਮੈਂ ਤੈਨੂੰ!

ਮੇਰੀਆਂ ਰੰਗੀਨ ਪੱਤੀਆਂ

ਨਾਲ ਆਪਣਾ ਜਿਸਮ ਢਕੀਂ

ਅਧੂਰੀਆਂ ਸੱਧਰਾਂ ਲਈ

ਮੈਥੋਂ ਲੱਪ ਮਹਿਕ ਲੈ ਲਵੀਂ-

ਉਦਾਸ ਕਿਉਂ ਹੁੰਦਾਂ ਏਂ?

ਦੇਖ ਮੈਂ ਵੱਢਾ ਹੋ ਕੇ -

ਸਲੀਬੀਂ ਲਟਕਦਾ ਵੀ ਚੀਰਿਆ ਜਾਂਵਾਂਗਾ-

ਕਿਸੇ ਨੇ ਆਕੇ ਨਹੀਂ ਆਰਾ ਫ਼ੜ੍ਹਨਾ-

ਮੇਰਾ ਤਨ ਅੰਗ ਤੇਰੇ ਘਰ, ਫ਼ਰਨੀਚਰ ਬਣਨਗੇ-

ਹਿੱਕ ਤੇ ਬਿਠਾਵਾਂਗਾ ਸਾਰੀ ਉਮਰ-

ਤੂੰ ਘੁੱਟ ਪਾਣੀ ਦਾ ਤਾਂ ਪਿਆ

ਤੈਨੂੰ ਮੈਂ ਸੱਭ ਕੁਝ ਦਿਆਂਗਾ-

ਆਪਣੀ ਉਮਰ ਲਾ ਦਿਆਂਗਾ ਤੇਰੇ ਲੇਖੀਂ-

ਮੈਂ ਡੀਕ ਲਵਾਂਗਾ ਤੇਰੇ ਉਦਾਸ ਪਹਿਰ

ਜਰਾ ਘੁੱਟ ਬੂੰਦ ਤਾਂ ਮੇਰੇ ਤਨ ਤੇ ਬਿਖਰਾ

ਤੇ ਰਹਿਣ ਦੇ ਮੇਰੇ ਪਾਣੀਆਂ ਨੂੰ

ਮੇਰੀਆਂ ਡਾਲੀਆਂ ਬਾਹਾਂ ਵਗਦੇ

ਹਿੱਕ ਮੇਰੀ ਤੇ ਖੇਡਾਂ ਕਰਦੇ-

ਤੇਰੇ ਸਾਰੇ ਸੁਪਨੇ ਪੂਰੇ ਕਰਾਂਗਾ

ਤੇਰੀਆਂ ਜੇਬਾਂ ਝੋਲੀਆਂ ਭਰਾਂਗਾ-

ਤੂੰ ਮੰਗਣ ਜੋਗਾ ਹੋ ਜਰਾ

ਤੇਰੀ ਦੁਨੀਆਂ ਰੰਗਾਂ ਨਾਲ ਭਰਾਂਗਾ

ਪੱਬਾਂ ਹੇਠ ਤੇਰੇ ਵਿਛਾਵਾਂਗਾ

ਹਰੇ ਘਾ ਦੀ ਚਾਦਰ-

ਤੇਰਾ ਸਿਰ ਕੱਜਾਂਗਾ-ਧੁੱਪਾਂ ਤੋਂ, ਦੁੱਖਾਂ ਤੋਂ

ਮੈਨੂੰ ਨਿੱਕਾ ਨਾ ਸਮਝੀਂ-

ਮੇਰੀ ਹੀ ਹਿੱਕ ਪਾੜ ਪਿੱਪਲ ਬੋਹੜ

ਧੁੱਪ ਖੜ੍ਹੇ ਤਪਦੇ

ਤੈਨੂੰ ਦਿੰਦੇ ਨੇ ਛਾਵਾਂ

ਮੈਂ ਹੀ ਦਿੰਦਾਂ ਹਾਂ

ਤੈਨੂੰ ਝੂਟਣ ਲਈ ਬਾਹਾਂ

ਪੰਧ ਤੇਰੇ ਆਪਣੇ

ਥੱਕੀਆਂ ਮੰਜ਼ਿਲਾਂ ਮੇਰੇ ਰਾਹਵਾਂ

ਪੰਛੀ ਮੇਰੇ ਆਪਣੇ

ਟੁੱਕ ਚੂਰੀਆਂ ਕਈ ਬਣਾਵਾਂ

ਮੇਰੇ ਪੱਤਿਆਂ ਵਿੱਚਦੀ ਝਾਕਦੇ

ਲੱਖ ਤਾਰੇ ਤੇ ਚੰਦ ਕੋਈ ਟਾਵਾਂ

ਸੂਰਜ ਸਿਰ ਨਿੱਤ ਝੱਲਦਾ

ਤੈਨੂੰ ਸੀਤਲ ਬਖ਼ਸ਼ ਹਵਾਵਾਂ

ਵੇ ਮੈਂ ਫਿਰ ਵੀ ਨਿੱਕੜਾ ਬੀਜ਼ ਕਹਾਵਾਂ

📝 ਸੋਧ ਲਈ ਭੇਜੋ