ਚਾਹੇ ਚੰਗੀ ਚਾਹੇ ਮੰਦੀ ।
ਮੈਂ ਤਾਂ ਲੋਕੋ ਕੱਲੀ ਚੰਗੀ ।
ਆਪੇ ਚੁੱਪ ਤੇ ਆਪੇ ਬੋਲਾਂ ।
ਆਪਣੇ ਨਾਲੇ ਕਰਾਂ ਕਲੋਲਾਂ ।
ਕੌਣ ਕਿਸੇ ਦੀ ਉਮਰ ਦਾ ਹਾਣੀ,
ਜਿਸ ਨਾਲ ਬਹਿ ਕੇ ਦੁੱਖੜੇ ਫੋਲਾਂ ।
ਪਹਿਲੀ ਵਾਰ ਕੱਲੀ ਤਦ ਹੋਈ,
ਧੀਰੀ ਮਾਂ ਮੇਰੀ ਜਦ ਮੋਈ ।
ਦੂਜੀ ਵਾਰੀ ਕੱਲੀ ਹੋਈ,
ਜਦੋਂ ਤੁਰ ਗਿਆ ਮਾਂ ਦਾ ਲੱਭਿਆ ।
ਨਸ਼ਿਆਂ ਦੀ ਸਿਰ ਲੈ ਕੇ ਲੋਈ ।
ਸੁਣਦੈ ਕਿੱਥੇ ਧੀ ਦੀ ਕੋਈ ।
ਸਿਰ ਦਾ ਭਾਰ ਲਾਹ ਸਿਰ ਦੇ ਉੱਤੋਂ,
ਦੁਨੀਆਂ ਪਾਸੇ ਹੋ ਖਲੋਈ ।
ਫੇਰ ਅੱਧਵਾਟੇ ਮੁੱਕ ਜੇ ਜਾਵਣ,
ਦੁਨੀਆਂ ਲੈਂਦੀ ਸਾਰ ਨਾ ਕੋਈ ।
ਚਿੱਟੀ ਚਾਦਰ ਹਰ ਕੋਈ ਚਾਹਵੇ ।
ਬੇਕਸੂਰੀ ਜਿਉਂਦੀ ਮੋਈ ।
ਤੀਜੀ ਵਾਰੀ ਚੁੱਪ ਤਾਂ ਹੋਈ,
ਮਾਂ ਬਣੀ, ਧੀਆਂ ਦੀ ਵਾਰੀ ।
ਆਪਣੀ ਸੱਧਰ ਢੱਕ ਲਕੋਈ,
ਧੀਆਂ ਨਾਲ ਨਹੀਂ ਹੋਵਣ ਦੇਣਾ ।
ਜਿਸਦੀ ਸਜ਼ਾ ਉਸਨੂੰ ਹੋਈ,
ਤੇ ਫਿਰ ਮੈਂ ਚੁੱਪ ਵੱਟ ਲਈ ।
ਪੂਰੀ ਕੀਤੀ ਧੀਆਂ ਪੁੱਤਾਂ ਚੋਂ,
ਅਪਣੀ ਹਰ ਇੱਕ ਸੱਧਰ ਮੋਈ ।
ਕੌਣ ਕਿਸੇ ਨਾਲ ਖੜ੍ਹਦਾ ਕੋਈ,
ਅਪਣੀ ਮੌਤੇ ਆਪ ਜਦ ਮਰਨਾ ।
ਨਾਲੇ ਜੰਗ ਜ਼ਿੰਦਗੀ ਦੀ ਲੋਕੋ,
ਕੱਲੇ ਪੈਂਦਾ ਸਭ ਨੂੰ ਲੜਨਾ ।
ਫਿਰ ਮੇਰੀ ਚੁੱਪ ਕਾਹਨੂੰ ਦੁਖਦੀ,
ਜਿਹੜੀ ਫਿਰੇ ਮੇਰੇ ਦਰਦ ਲਕੋਈ ।
ਹੱਕ ਆਜ਼ਾਦੀ ਦਿੱਤੇ ਜੋ,
ਚੁੱਪ ਰਹੇ ਜਾਂ ਬੋਲੇ ਕੋਈ ।
ਮੰਦੀ ਬੋਲੋ ਜਾਂ ਫਿਰ ਚੰਗੀ,
'ਸਰਬ' ਤਾਂ ਲੋਕੋ ਕੱਲੀ ਚੰਗੀ ।