ਮੈਂ ਤਾਂ ਅਜੇ ਬੀਜ ਨੂੰ
ਧਰਤ ਛੁਹਾਈ ਸੀ
ਪਾਣੀ ਦ ਘੁੱਟ ਪਾਇਆ ਸੀ-ਓਹਦੇ ਤਨ 'ਤੇ
ਬੀਜ ਜਾਗਿਆ ਅੱਖਾਂ ਖੋਲ੍ਹੀਆਂ
ਹਿੱਕ 'ਚੋਂ ਪਹਿਲਾਂ ਮੇਰੇ ਲਈ
ਪੌਦਾ ਬਣ ਉੱਗਮਿਆਂ
ਮੈਨੂੰ ਸਾਹ ਬਖਸ਼ਣ ਲੱਗਾ
ਨਿੱਕਾ ਜੇਹਾ ਬੂਟਾ ਬਣ
ਮੇਰੇ ਸਾਹਮਣੇ ਜੁਆਨ ਹੁੰਦਾ ਗਿਆ
ਕਿਤੇ ਨਾ ਜਾਂਦਾ ਆਉਂਦਾ
ਇਕ ਜਗਾ ਤੇ ਹੀ ਖੜ੍ਹਾ ਖੜ੍ਹਾ
ਮੇਰੇ ਲਈ ਪੱਤਿਆਂ ਦਾ ਅੰਬਾਰ ਬਣ
ਝੱਲਣ ਲੱਗਾ ਪੱਖੀਆਂ
ਮੇਰੇ ਕੋਲੋਂ ਉਹ ਪਾਣੀ ਹੀ ਮੰਗਦਾ
ਮੇਰੇ ਵਿਹੜੇ ਦਾ ਸ਼ਿੰਗਾਰ
ਮੋਢਿਆਂ 'ਤੇ ਉਹ ਕਈ ਕਬੀਲਦਾਰੀਆਂ ਚੁੱਕ
ਖੜ੍ਹਾ ਹੋ ਗਿਆ ਮੇਰੇ ਨਾਲ
ਮੇਰੀ ਉਦਾਸੀ ਪਰੇਸ਼ਾਨੀ ਵੇਲੇ
ਕਰੂੰਬਲ ਬਣਨ ਨੂੰ ਕਹੇ
ਰੰਗ ਬਿਰੰਗੇ ਫੁੱਲਾਂ ਨਾਲ ਪਰਚਾਏ ਮੇਰਾ ਦਿਲ
ਮੇਰੇ ਨਾਲ ਹੱਸੇ ਗਾਏ
ਤੋਤਲੀਆਂ ਗੱਲਾਂ ਬੱਚਿਆਂ ਵਾਂਗ
ਚੁੱਪ ਚੁਪੀਤਾ ਕਰੇ
ਹਾਂ ਨਾਂਹ 'ਚ ਪੱਤਿਆਂ ਦੇ ਸਿਰ ਹਿਲਾਵੇ
ਘਰ 'ਚ ਅੰਬਰ ਸੱਦ ਲਿਆਵੇ
ਮੇਰਾ ਨਿੱਕਾ ਜੇਹਾ ਪੌਦਾ ਜਵਾਨ ਹੋ ਗਿਆ ਹੈ
ਤਿੱਖੜ ਦੁਪਹਿਰਾਂ ਝੱਲਦਾ ਵੀ ਦਰਦ ਨਾ ਦੱਸੇ
ਫਿਰ ਵੀ ਮੁਸਕਰਾਏ ਹੱਸੇ
ਮੈਨੂੰ ਮੇਰੀਆਂ ਤੰਗੀਆਂ ਤੁਰਸ਼ੀਆਂ ਪੁੱਛੇ
ਓਹਦੇ ਪੱਤਿਆਂ ਨੇ ਪਵਨ ਸੱਦੀ
ਫੁੱਲਾਂ ਨੇ ਗੁਲਜ਼ਾਰ ਖਿੰਡਾਈ
ਤਨ ਤੋਂ ਤੋੜ ਤੋੜ ਫ਼ਲ ਵੀ ਦਿੰਦਾ
ਇਕ ਪਾਣੀ ਦੇ ਘੁੱਟ ਬਦਲੇ
ਇਕ ਦਿਨ ਕਹਿੰਦਾ
ਜੇ ਚੀਸਾਂ ਘੱਟ ਕਰਨੀਆ ਤਾਂ
ਏਨਾ ਸੱਚ ਦੇ ਨੇੜੇ ਨਾ ਜਾਈਂ
ਜੋ ਕਾਲੇ ਸਾਂਵਲੇ ਚਿਹਰੇ ਦਿਸਦੇ ਨੇ
ਹਿੱਕਾਂ ਇਹਨਾਂ ਦੀਆਂ ਗੋਰੀਆਂ ਸੁੱਚੀਆਂ
ਮੱਥਿਆਂ ਤੇ ਲਿਖੀਆਂ ਮੁਸਕਰਾਟਾਂ 'ਚ
ਸੌ ਸੌ ਹਾਉਕੇ ਹੁੰਦੇ ਨੇ
ਪਾਣੀ ਤੇ ਪਲਦਾ ਹੱਸਦਾ ਬੂਟਾ
ਮੇਰੇ ਨਾਲ ਦੁੱਖ ਸੁੱਖ ਕਰਦਾ ਹੈ
ਕਹਿੰਦਾ ਤੂੰ ਐਂਵੇਂ ਸੌ ਸੌ ਲੋੜਾਂ ਨਾ ਬਣਾ
ਸਾਹਾਂ ਨਾਲ ਇਸ਼ਕ ਕਰ
ਪੈੜਾਂ ਨਾਲ ਮੰਜ਼ਿਲਾਂ ਗਿਣ
ਸੌਂ ਕੇ ਕੀ ਕਰੇਂਗਾ
ਸੁਪਨੇ ਤਾਂ ਬਾਹਰ ਲੱਭ ਰਹੇ ਨੇ ਤੈਨੂੰ
ਕਹਿੰਦਾ ਜਾਗਦਾ ਰਿਹਾ ਕਰ ਕਦੇ ਕਦੇ
ਖ਼ੁਰ ਗਏ ਖ਼ਾਬ
ਮੁੜ ਪਲਕਾਂ 'ਚ ਨਹੀਂ ਪਰਤਦੇ
ਲੈ ਫ਼ੜ੍ਹ ਇਹ ਫੁੱਲ-ਤੇ ਹੱਸ ਕੇ ਵਿਖਾ
ਲੈ ਫ਼ਲ ਖਾ ਸਦੀਆਂ ਦੀ ਭੁੱਖ ਮੁੱਕੇ
ਜਾਹ ਇਕ ਪਾਣੀ ਦਾ ਘੁੱਟ ਪਿਆ ਮੈਨੂੰ ਵੀ
ਥੋੜੀ ਜੇਹੀ ਪਿਆਸ ਲੱਗੀ ਹੈ