ਮੈਂ ਤਲੀਆਂ ਤੇ ਵਕਤ ਖਿਲਾਰੀ ਜਾਨਾ ਵਾਂ ।
ਇਹ ਨਾ ਸਮਝੀਂ ਐਵੇਂ ਹਾਰੀ ਜਾਨਾ ਵਾਂ ।
ਕੁਝ ਚਿਰ ਲਈ ਕੀ ਸਾਹ ਉਧਾਰੇ ਫੜ ਲਏ ਨੇ,
ਹੁਣ ਤਕ ਸਾਵਾਂ ਸੂਦ ਈ ਤਾਰੀ ਜਾਨਾ ਵਾਂ ।
ਮੈਂ ਦੁਨੀਆਂ ਵਿਚ ਹਾਸੇ ਵੰਡਣ ਆਇਆ ਸਾਂ,
ਪਰ ਦੁੱਖਾਂ ਵਿਚ ਉਮਰ ਗੁਜ਼ਾਰੀ ਜਾਨਾ ਵਾਂ ।
ਇਕਲਾਪੇ ਦੀਆਂ ਕੱਠੀਆਂ ਕਰਕੇ ਵੇਲਾਂ ਮੈਂ,
ਆਪਣੇ ਸਿਰ ਤੋਂ ਆਪੇ ਵਾਰੀ ਜਾਨਾ ਵਾਂ ।
ਜਿਥੇ ਵੀ ਕੋਈ ਮਾੜਾ ਮੈਨੂੰ ਮਿਲਦਾ ਏ,
ਐਵੇਂ ਗੰਢੀਂ ਰਿਸ਼ਤੇਦਾਰੀ ਜਾਨਾ ਵਾਂ ।
'ਸ਼ਾਦ' ਚੁਫ਼ੇਰੇ ਸੇਮ ਖਲੋਤੀ ਯਾਦਾਂ ਦੀ,
ਅੰਦਰੇ ਅੰਦਰ ਖ਼ੁਦ ਨੂੰ ਤਾਰੀ ਜਾਨਾ ਵਾਂ ।