ਮੈਂ ਤੇ ਪਾਤਰ ਸਕੇ ਭਰਾ

ਰੇਤ ਦੀਆਂ ਟਿੱਬਿਆਂ ਵਿੱਚ ਸਾਡਾ

ਜਨਮ ਦੋਹਾਂ ਦਾ ਹੋਇਆ ਸੀ

ਸਾਨੂੰ ਦੇਖ ਕੇ ਮਾਂ ਦਾ ਚੇਹਰਾ

ਹੱਸਿਆ ਤੇ ਫਿਰ ਰੋਇਆ ਸੀ

.......

ਹੱਸਿਆ ਇਸ ਲਈ 

ਜੱਗ ਵਿੱਚ ਰਹਿਜੂ

ਚਲਦਾ ਵੰਸ਼ ਅਸਾਡਾ ਇਹ 

ਰੋਇਆ ਇਸ ਲਈ

ਕਿੰਝ ਕੱਟਣਗੇ

ਜੀਵਨ-ਪੰਧ ਦੁਰਾਡਾ ਇਹ

.........

ਨਾ ਤਾਂ ਉਸ ਦਿਨ, ਸਾਡੇ ਚਾਚੇ 

ਪੈਰ ਵਤਨ ਵਿੱਚ ਪਾਇਆ ਸੀ

ਨਾ ਹੀ ਉਸ ਦਿਨ, ਸਾਡਾ ਬਾਪੂ

ਜੇਲ੍ਹੋਂ ਛੁੱਟ ਕੇ

ਆਇਆ ਸੀ।

........

ਉਸ ਨੂੰ ਲੱਗਿਆ, ਉਸਦੇ ਸਿਰ 'ਤੇ

ਹਰ ਤੁਹਮਤ

‘ਜੰਗਲ਼’ ਦੀ ਹੈ

ਜਾਂ ਫਿਰ

‘ਜੰਗਲ਼’ ਦੇ ਮੂੰਹ ਉਤਲੀ

ਚੁੱਪ ਜਿਹੀ ਦੰਦਲ ਦੀ

.........

ਉਸ ਨੂੰ ਰਹੀ ਉਡੀਕ

ਖ਼ਤਾਂ ਦੀ

ਮੈਨੂੰ ਰਹੀ ਜਵਾਬਾਂ ਦੀ

ਉਸ ਚਿੜੀਆਂ ਦੇ 

ਜ਼ਖ਼ਮ ਪਲੋਸੇ 

ਮੈਂ ਰਿਹਾ

ਟੋਹ ਵਿੱਚ ਬਾਜ਼ਾਂ ਦੀ

ਮੈਂ ਗਾਲ੍ਹਾਂ ਦੀ 

ਡਿਗਰੀ ਕੀਤੀ

ਤੇ ਉਸ ਕੀਤੀ ਰਾਗਾਂ ਦੀ 

ਉਹ ਸਾਜ਼ਾਂ ਦੇ 

ਨਾਲ ਹੈ ਸੌਂਦਾ

ਮੈਨੂੰ ਲੋੜ ਨਾ ਸਾਜ਼ਾਂ ਦੀ

............

ਮੇਰੀ ਹਿੱਕ ਵਿੱਚ

ਪੱਥਰ ਉੱਗਦੇ

ਉਸ ਦੀ ਹਿੱਕੜੀ ਬਾਗ਼ਾਂ ਦੀ

ਉਹ ਫੁੱਲਾਂ ਦੀ

ਛਾਵੇਂ ਬਹਿੰਦਾ

ਤੇ ਮੈਂ ਫ਼ਨੀਅਰ ਨਾਗਾਂ ਦੀ

ਮੇਰੀ ਚਿੰਤਾ ਦੋ ਬੁੱਕ ਆਟਾ

ਉਸ ਨੂੰ ਫਿਕਰ ਸਵਾਦਾਂ ਦੀ

...........

ਚੱਲਦੇ-ਚੱਲਦੇ

ਰਾਹਾਂ ਦੇ ਵਿੱਚ

ਆਇਆ ਐਸਾ ਇੱਕ ਪੜਾਅ

ਰੁਲ਼ਦੇ ਰੁਲ਼ਦੇ

ਰੁਲ਼ ਗਏ ਯਾਰੋ

ਮੈਂ ਤੇ ਪਾਤਰ ਸਕੇ ਭਰਾ

📝 ਸੋਧ ਲਈ ਭੇਜੋ