ਮੈਂ ਤੇਰੇ ਰਾਂਹੀਂ ਤੁਰਿਆ ਨਹੀਂ, ਆਪਣੇ ਆਪ ਤਲਾਸ਼ੇ ਨੇ ।
ਏਸੇ ਕਰਕੇ ਤੇਰੇ ਵਰਗੇ ਮੈਨੂੰ ਦੇਖ ਹਰਾਸੇ ਨੇ ।
ਤੇਰੀਆਂ ਸੋਚਾਂ, ਸ਼ਬਦਾਂ,ਕਦਮਾਂ,ਅੰਦਰ ਕਾਹਲਾਪਨ ਦਿਸਦੈ,
ਏਸੇ ਕਰਕੇ ਤੇਰੇ ਬਣਦੇ ਲੋਕਾਂ ਵਿੱਚ ਤਮਾਸ਼ੇ ਨੇ ।
ਤੇਰੀ ਅੱਖ ਚੋਂ ਤੇਰੇ ਅੰਦਰ ਵਾਲਾ ਥਲ ਵੀ ਝਲਕ ਰਿਹਾ,
ਕਿਉਂ ਮਾਰੂਥਲ ਲੱਖਾਂ ਨਦੀਆਂ ਪੀਵਣ ਬਾਦ ਪਿਆਸੇ ਨੇ ।
ਰੁੱਤਾਂ ਨੇ ਜਿਸ ਨਾਲ ਹਮੇਸ਼ਾ ਤੋਂ ਕਰੀਆਂ ਸੀ, ਬੇਰੁਖੀਆਂ,
ਓਸੇ ਬਿਰਖ ਨੂੰ ਪੌਣਾਂ ਨੇ ਹੁਣ ਦਿੱਤੇ ਆਣ ਦਿਲਾਸੇ ਨੇ ।
ਬੱਦਲ ਨੇ ਸੱਤਰੰਗੀ ਪੀਂਘ ਨੂੰ ਇੱਕੋ ਗੱਲ ਹੀ ਪੁੱਛੀ ਸੀ,
ਸੱਚੀਂ ਦੱਸ ਦੇ ਕਿਸਨੇ ਤੇਰੇ, ਕਿੱਦਾਂ ਅੰਗ ਤਰਾਸ਼ੇ ਨੇ ।
ਹੁਣ ਵੀ ਮੈਨੂੰ ਮੇਰਾ ਬਚਪਨ ਖ਼ਾਬਾਂ ਵਿੱਚ ਆ ਮਿਲਦਾ ਹੈ,
ਹੁਣ ਵੀ ਪਿੰਡ ਚ ਲੋਈਆਂ ਵੇਚਣ ਆਉਂਦੇ ਜਾਂਦੇਂ ਰਾਸ਼ੇ ਨੇ ।
ਸਭ ਨੂੰ ਜ਼ਿੰਦਗੀ ਜੀਵਣ ਖਾਤਿਰ ਇੱਕ ਬਹਾਨਾ ਚਾਹੀਦਾ,
ਮੇਰੇ ਕੋਲ ਤਾਂ ਤੇਰੇ ਦਿੱਤੇ, ਲੱਖ 'ਅਮਨ' 'ਧਰਵਾਸੇ ਨੇ ।