ਮੈਂ ਵੇਲੇ ਦਾ ਯੂਸੁਫ਼ ਮੈਨੂੰ ਦੱਸਿਆ ਇਨ੍ਹਾਂ ਸਜ਼ਾਵਾਂ ਨੇ ।
ਤੈਨੂੰ ਖੂਹ ਵਿਚ ਸੁਟ ਦਿੱਤਾ ਏ, ਤੇਰੇ ਵੀਰ ਭਰਾਵਾਂ ਨੇ ।
ਰੁੱਤ ਬਦਲਣ ਦੇ ਨਾਲ ਬਦਲ ਗਏ, ਸਾਰੇ ਮਨਜ਼ਰ ਬਾਗ਼ਾਂ ਦੇ,
ਰੁੱਖਾਂ ਤੇ ਪੱਤਾ ਨਹੀਂ ਛੱਡਿਆ, ਪਤਝੜ ਦੀਆਂ ਹਵਾਵਾਂ ਨੇ ।
ਫ਼ਿਰਔਨਾਂ ਦਾ ਦੌਰ ਹੈ ਆਇਆ, ਮਮਤਾ ਦੀ ਮਜਬੂਰੀ ਵੇਖ,
ਦਰਿਆ ਦੇ ਵਿਚ ਰੋੜ੍ਹ ਦਿੱਤੇ ਨੇ ਆਪਣੇ ਪੁੱਤਰ ਮਾਵਾਂ ਨੇ ।
ਮੈਂ ਧੁੱਪਾਂ ਦਾ ਆਸ਼ਿਕ ਆਪਣਾ ਆਪ ਬਚਾਕੇ ਲੰਘਿਆ ਹਾਂ,
ਮੈਨੂੰ ਜਦ ਵੀ ਕੋਲ ਬੁਲਾਇਆ, ਦੀਵਾਰਾਂ ਦੀਆਂ ਛਾਵਾਂ ਨੇ ।
ਮੈਂ ਵੀ ਕੁੱਝ ਬੇਐਬ ਤਾਂ ਨਹੀਂ ਸਾਂ, ਪਰ ਮੇਰਾ ਸਿਰ ਉੱਚਾ ਸੀ,
ਮੈਨੂੰ ਅੱਤ ਸ਼ਰਮਿੰਦਾ ਕੀਤਾ, ਯਾਰਾਂ ਦੀਆਂ ਖ਼ਤਾਵਾਂ ਨੇ ।
ਦਰਿਆਵਾਂ ਨੂੰ ਛੇੜ ਰਹੇ ਸਨ, ਕੰਢੇ ਕਿੰਨੀ ਮੁੱਦਤ ਤੋਂ,
ਪਾਣੀ ਵਿਚ ਡਬੋ ਦਿੱਤਾ ਏ, ਕੰਢਿਆਂ ਨੂੰ ਦਰਿਆਵਾਂ ਨੇ ।
ਨਾਂ ਦੀ ਝੂਠੀ ਲੱਜ ਦੀ ਖ਼ਾਤਰ, ਲੋਕਾਂ ਦੀ ਪੱਤ ਲਾਹੁੰਦੇ ਨੇ,
ਇਨਸਾਨਾਂ ਨੂੰ ਵਹਿਸੀ ਕੀਤਾ, 'ਆਰਿਫ਼' ਇਨ੍ਹਾਂ ਨਾਵਾਂ ਨੇ ।