ਮੈਂ ਵੀ ਉਨ੍ਹਾਂ ਦੇ ਨਾਲ ਹੀ ਸਾਂ
ਸੜਕ ਬਣਿਆ
ਉਨ੍ਹਾਂ ਦੇ ਨੰਗੇ ਪੈਰਾਂ ਤਲੇ
ਜਿਨ੍ਹਾਂ ਚੋਂ ਖ਼ੂਨ ਦੇ ਤੁਪਕੇ ਸਿਮ ਰਹੇ ਸਨ
ਮੈਂ ਫ਼ਿਕਰ ਬਣਿਆ ਉਨ੍ਹਾਂ ਦੇ ਰਾਹਾਂ ਦਾ ਮੰਜ਼ਿਲ ਮੇਰੇ ਹੱਥਾਂ ਚ ਖੇਡ ਰਹੀ ਸੀ
ਮੈਂ ਉਨ੍ਹਾਂ ਦੇ ਮੂਹਰੇ ਵਿਛਾਉਂਦਾ ਗਿਆ
ਬਹੁਤ ਮੁਸ਼ਕਿਲ ਹੁੰਦਾ ਹਾਂ
ਭੁੱਖੇ ਪੇਟ ਨਾਲ ਮੰਜ਼ਲਾਂ ਨੂੰ ਲੱਭਣਾ ਤੇ ਮੀਲ ਪੱਥਰਾਂ ਨੂੰ ਲੱਭਣਾ ਤੇ
ਆਂਦਰਾਂ ਦੇ ਵਿਚ ਤਾਰਨਾ
ਭੁੱਖੀਆਂ ਕਿੰਜ ਮੁੱਕੀਆਂ ਹੋਣਗੀਆਂ ਵਾਟਾਂ
ਸੜਕਾਂ ਨੂੰ ਇਹ ਵੀ ਫਿਕਰ ਸੀ
ਲੋਕ ਇਹੋ ਜੀ ਯਾਤਰਾ
ਜ਼ਿੰਦਗੀ ਭਰ ਨਹੀਂ ਮੰਗਦੇ
ਓਦੋਂ ਨਾ ਦਿਨ ਸੁੱਤੇ ਸਨ ਨਾ ਹੀ ਰਾਤਾਂ
ਨੰਨ੍ਹਿਆਂ ਨੇ ਦੁੱਧ ਦੀਆਂ ਉਦਾਸੀਆਂ ਵਿੱਚ ਦੀ ਝਾਕਿਆ
ਬੱਚਿਆਂ ਦੇ ਸੁਪਨਿਆਂ ਵਰਗਾ
ਕੁੱਝ ਵੀ ਨਹੀਂ ਸੀ ਰਾਤਾਂ ਵਿੱਚ
ਤੁਸੀਂ ਕੀ ਜਾਣੋ
ਕਿ ਕਿੰਜ ਸੁੱਤੇ ਹੋਣਗੇ ਥੱਕੇ ਟੁੱਟੇ ਸੂਰਜ
ਕਿਸੇ ਦਿਨ ਨਾ ਰਾਤ ਨੇ
ਉਨ੍ਹਾਂ ਦਾ ਜ਼ਿਕਰ ਤੱਕ ਨਾ ਕੀਤਾ
ਜੇਬਾਂ ਵਿਚ ਕੁਝ ਘਰਾਂ ਦੀ ਭੁੱਖ ਸੀ
ਕੁਝ ਆਪਣਿਆਂ ਨੂੰ ਮਿਲਣ ਦਾ ਚਾਅ
ਪੈਂਡਾ ਮੁੱਕਦਾ ਗਿਆ
ਤੇ ਮੰਜ਼ਲ ਨੇੜੇ ਆਉਂਦੀ ਗਈ