ਮੈਨੂੰ ਚੰਗੀ ਏ ਤਨਹਾਈ ਰਹਿਣ ਦਿਓ

ਮੈਨੂੰ ਚੰਗੀ ਤਨਹਾਈ ਰਹਿਣ ਦਿਓ

ਮੈਂ ਇਹ ਵਖ਼ਤਾਂ ਨਾਲ ਕਮਾਈ ਰਹਿਣ ਦਿਓ

ਸੱਚ ਦਾ ਸਾਥ ਨਿਭਾਉਣਾ ਜੇ ਰੁਸਵਾਈ ਏ,

ਮੇਰੇ ਜੋਗੀ ਇਹ ਰੁਸ਼ਵਾਈ ਰਹਿਣ ਦਿਓ

ਧੋ ਨਹੀਂ ਸਕਦੇ ਜੋ ਜ਼ਿਹਨਾਂ ਦੀ ਤਲਖ਼ੀ ਨੂੰ,

ਉਨ੍ਹਾਂ ਦੇ ਨਾਲ ਸੁਲਾਹ ਸਫ਼ਾਈ ਰਹਿਣ ਦਿਓ

ਲੋੜ ਪਵੇਗੀ ਇਹਦੀ ਇਕ ਦਿਨ ਨੇਰ੍ਹੇ ਵਿਚ,

ਸੋਚਾਂ ਦੇ ਵਿਚ ਕੁਝ ਰੁਸ਼ਨਾਈ ਰਹਿਣ ਦਿਓ

ਉਨ੍ਹਾਂ ਨੇ ਤਾਰੀਖ਼ ਅਸਾਡੀ ਲਿਖਣੀ ਏ,

ਆਉਣ ਵਾਲਿਆਂ ਲਈ ਦਾਨਾਈ ਰਹਿਣ ਦਿਓ

ਓੜਕ ਏਸੇ ਮਿੱਟੀ ਹੇਠਾਂ ਜਾਣਾ ਏ,

ਏਸ ਮਿਟੀ ਨਾਲ ਤੇ ਅਸ਼ਨਾਈ ਰਹਿਣ ਦਿਓ

ਟੁਟ ਨਹੀਂ ਸਕਣਾ ਗੋਲ ਕਤਾਰਾ ਵੇਲੇ ਦਾ,

'ਆਗ਼ਾ ਜੀ' ਇਹ ਜ਼ੋਰ ਅਜ਼ਮਾਈ ਰਹਿਣ ਦਿਓ

📝 ਸੋਧ ਲਈ ਭੇਜੋ