ਮਜਬੂਰੀ ਦੀਆਂ ਸੰਗਲਾਂ ਕੜੀਆਂ ਹੋਈਆਂ ਨੇ ।
ਦਿਲ ਦੀਆਂ ਰੀਝਾਂ ਦਿਲ ਵਿਚ ਤੜੀਆਂ ਹੋਈਆਂ ਨੇ ।
ਬਿਨ ਅਹਿਸਾਸ ਤੋਂ ਬੰਦਾ ਵੀ ਕੋਈ ਬੰਦਾ ਏ,
ਧਰਤੀ ਤੇ ਤਸਵੀਰਾਂ ਜੜੀਆਂ ਹੋਈਆਂ ਨੇ ।
ਮੰਜ਼ਿਲ ਦੇ ਰਸਤੇ ਵਿਚ ਰਸਮ-ਰਿਵਾਜ਼ ਦੀਆਂ,
ਕਿੰਨੀਆਂ ਹੀ ਦੀਵਾਰਾਂ ਖੜ੍ਹੀਆਂ ਹੋਈਆਂ ਨੇ ।
ਓਸ ਦਰਖ਼ਤ ਦੇ ਥੱਲੇ ਛਾਂ ਕੀ ਹੋਣੀ ਏ,
ਜਿਸ ਦੀਆਂ ਸਾਰੀਆਂ ਸ਼ਾਖ਼ਾਂ ਝੜੀਆਂ ਹੋਈਆਂ ਨੇ ।
ਮੇਰੇ ਦਿਲ ਦੀਆਂ ਸੱਧਰਾਂ ਦਾ ਕੀ ਪੁੱਛਦੇ ਓ,
ਛੱਪੜ ਦੇ ਵਿਚ ਮੱਝਾਂ ਵੜੀਆਂ ਹੋਈਆਂ ਨੇ ।
ਆਸੇ ਪਾਸੇ ਜਾਪੇ ਰੁੱਤ ਗੁਲਾਬਾਂ ਦੀ,
ਸੀਨੇ ਵਿਚ ਕਿਉਂ ਸੂਲਾਂ ਅੜੀਆਂ ਹੋਈਆਂ ਨੇ ।
ਮੰਡੀ ਦੇ ਵਿਚ ਬਹੁਤੀ ਕੀਮਤ ਪਾਉਣਗੀਆਂ,
ਜਿਹੜੀਆਂ ਜਿਣਸਾਂ ਛਟੀਆਂ, ਛੜੀਆਂ ਹੋਈਆਂ ਨੇ ।
ਮਿੱਟੀ ਦੀ ਬੁਨਿਆਦ ਤੇ 'ਸ਼ੈਦਾ' ਖ਼ਾਲਿਕ ਨੇ,
ਸ਼ਕਲਾਂ ਰੰਗ ਬਰੰਗੀਆਂ ਘੜੀਆਂ ਹੋਈਆਂ ਨੇ ।