ਮਜ਼ਦੂਰ ਦੀ ਦੇਸ਼-ਸੇਵਾ

ਮੇਰੀ ਕਿਰਤ ਨੂੰ ਲੁੱਟਣ ਵਾਲੜਿਓ, ਕਿਉਂ ਪੀਵੋ ਰੱਤ ਬਹਾਰਾਂ ਦੀ

ਇਹ ਧਰਤੀ ਹੈ ਮਜ਼ਦੂਰਾਂ ਦੀ, ਇਹ ਨਹੀਂ ਸਰਮਾਏਦਾਰਾਂ ਦੀ

ਮੇਰੇ ਤੇਸੇ ਅਤੇ ਹਥੌੜੇ ਨੇ, ਲੱਖ ਮੰਦਰ ਮਹਿਲ ਉਸਾਰੇ ਹੋ

ਪਰ ਮੇਰੀ ਨੀਂਦ ਉਤਾਰਨ ਨੂੰ, ਕੱਖ ਕਾਨਿਆਂ ਦੇ ਹਨ ਢਾਰੇ ਹੋ

ਅੱਜ ਮੇਰੀ ਮਿਹਨਤ ਦਾ ਸਦਕਾ, ਕਾਰਾਂ ਤੇ ਕਾਰਾਂ ਗਈਆਂ

ਕਰ ਕਤਲ ਬਸੰਤ ਅਸਾਡੀ ਨੂੰ, ਕਈ ਮਸਤ ਬਹਾਰਾਂ ਗਈਆਂ

ਹੈ ਦੂਣਾ ਠਾਠ ਅਮੀਰਾਂ ਦਾ, ਵਧਿਆ ਚੌਣਾ ਸਰਮਾਇਆ

ਪਰ ਮੇਰੀ ਰੋਟੀ ਦਾ ਟੁਕੜਾ, ਹੁਣ ਖ਼ਤਮ ਹੋਣ 'ਤੇ ਆਇਆ

ਜਦ ਵੀ ਉਪਰਾਲਾ ਕਰਕੇ ਮੈਂ, ਜ਼ੰਜੀਰ ਤੋੜਨੀ ਚਾਹੀ

ਟੁੱਟੀ ਨੂੰ ਟਾਂਕੇ ਲਾ ਲਾ ਕੇ, ਤਕਦੀਰ ਜੋੜਨੀ ਚਾਹੀ

ਧਰਮਾਂ 'ਤੇ ਖ਼ਤਰਾ ਬਣ ਜਾਵੇ, ਕਾਨੂੰਨ 'ਤੇ ਖ਼ਤਰਾ ਜਾਵੇ

ਮਜ਼ਹਬਾਂ ਦੇ ਠੇਕੇਦਾਰਾਂ ਦੇ, ਜਨੂੰਨ 'ਤੇ ਖ਼ਤਰਾ ਜਾਵੇ

ਦੇ ਫ਼ਤਵਾ ਦੇਸ਼-ਧਰੋਹੀ ਦਾ, ਜੇਲ੍ਹਾਂ ਦੇ ਬੂਹੇ ਖੁੱਲ੍ਹ ਜਾਂਦੇ

ਅੰਨ੍ਹੇ ਹੋ ਵਿੱਚ ਤਸ਼ੱਦਦ ਦੇ, ਬੰਦੇ ਨੂੰ ਬੰਦਾ ਭੁੱਲ ਜਾਂਦੇ

ਹਰ ਸ਼ੈਅ ਵਿਚ ਜ਼ਹਿਰ ਮਲਾਉਂਦੇ ਨੇ ਤੇ ਬਣ ਬਹਿੰਦੇ ਨੇ ਲੱਖਪਤੀ

ਪਰ ਸਰਘੀ ਜੰਮਣੋਂ ਨਹੀਂ ਰਹਿੰਦੀ, ਜਦ ਧਰਤੀ ਹੋਵੇ ਗਰਭਵਤੀ

ਫਿਰ ਸੀਖਾਂ ਤੋੜ ਮਜੂਰ ਕਹੇ, ਇਹ ਸੱਭੇ ਕੁਝ ਹੀ ਮੇਰਾ

ਜਿਸ ਨੂੰ ਤੂੰ ਆਪਣਾ ਦੇਸ਼ ਕਹੇਂ, ਉਹ ਤੇਰਾ ਨਹੀਂ ਉਹ ਮੇਰਾ

ਇਹ ਫ਼ਸਲਾਂ ਬੰਨੇ ਸੱਪਾਂ ਨੇ, ਮੇਰੇ ਦਾਦੇ ਨੂੰ ਡੰਗਿਆ

ਮੇਰੇ ਵੀਰ ਦੇ ਭੁੱਖੇ ਢਿੱਡ ਵਿਚੋਂ, ਇਕ ਤਪਦਾ ਸਰੀਆ ਲੰਘਿਆ

ਔਹ ਚੱਕਰ ਖਾ ਕੇ ਡਿੱਗਿਆ ਤੇ ਕਰਦਾ ਗੰਦ ਜੋ ਸਾਫ਼ ਤੇਰਾ

ਨਹੀਂ ਤਾਕਤ ਪਾਉਂਦਾ ਵੈਦ ਕੋਈ, ਆਹ ! ਤੜਫ ਰਿਹਾ ਬਾਪ ਮੇਰਾ

ਇਸ ਕਾਰਖ਼ਾਨੇ ਦੇ ਬਾਲਣ ਵਿਚ, ਮੇਰੀ ਮਾਂ ਦਾ ਜਿਸਮ ਹੀ ਬਲਦਾ

ਤੇ ਜੋਬਨ ਮੇਰੀਆਂ ਭੈਣਾਂ ਦਾ, ਸੜਕਾਂ ਦੇ ਕਿਨਾਰੇ ਢਲਦਾ

ਮੇਰੀ ਪਤਨੀ ਦੇ ਵਾਲਾਂ ਦਾ, ਬਿਜਲੀ ਨੇ ਤਾਣਾ ਤਣਿਆ

ਮੇਰਾ ਹੀ ਮੁੜ੍ਹਕਾ ਚੋ ਚੋ ਕੇ, ਇਹ ਝੀਲ-ਭਾਖੜਾ ਬਣਿਆ

ਜੁ ਤੇਰੇ ਬਾਗ਼ੀਂ ਫੁੱਲ ਖਿੜੇ, ਮੇਰੀ ਬੱਚੀ ਦੀਆਂ ਮੁਸਕਾਨਾਂ ਨੇ

ਅਸੀਂ ਚੀਰ ਪਹਾੜਾਂ ਦੀ ਹਿੱਕੜੀ, ਵਿਚ ਭਰੀਆਂ ਆਪਣੀਆਂ ਜਾਨਾਂ ਨੇ

ਜਦ ਵਿਹਲ ਮਿਲੇ ਰੈਸਤੋਰਾਂ 'ਚੋਂ, ਨਸ਼ਾ ਅਸਾਡੇ 'ਤੇ ਤਾਰੇ

ਝੱਟ ਬੁੱਲ੍ਹਾਂ ਦੇ ਸਿਰਹਾਣੇ ਤੂੰ, ਜੀਪਾਂ ਦੇ ਹਾਰਨ ਮਾਰੇ

ਇਹ ਧਰਤੀ ਸਾਡੀ ਮਾਂ ਵਰਗੀ, ਨਾ ਇਸ ਨੂੰ ਕੁਝ ਵੀ ਭੁੱਲਿਆ

ਇਹ ਸਭੇ ਜਾਣਦੇ ਖੇਤਾਂ ਵਿਚ, ਹੈ ਕਿਸ ਦਾ ਖ਼ੂਨ ਜੁ ਡੁਲ੍ਹਿਆ

ਮੈਂ ਥੱਕ ਗਿਆ ਹਾਂ ਸੁਣ-ਸੁਣ ਕੇ, ਅੱਜ ਕਹਿਣ ਦੀ ਹਿੰਮਤ ਕਰਦਾ ਹਾਂ

ਲਹਿਰਾ ਝੰਡਾ ਸੰਗਰਾਮਾਂ ਦਾ, ਅੱਜ ਫੇਰ ਬਗ਼ਾਵਤ ਕਰਦਾ ਹਾਂ

ਫਿਰ ਕਿਉਂ ਨਾ ਅੱਜ ਮਜ਼ਦੂਰ ਕਹੇ, ਜੋ ਧਰਤੀ 'ਤੇ ਉਹ ਮੇਰਾ

ਜਿਸ ਨੂੰ ਤੂੰ ਆਪਣਾ ਦੇਸ਼ ਕਹੇਂ, ਉਹ ਤੇਰਾ ਨਹੀਂ ਉਹ ਮੇਰਾ

📝 ਸੋਧ ਲਈ ਭੇਜੋ