ਉਹ ਵਖਤ ਕੁਵੱਲਾ ਸੀ, ਜਾਂ ਸਮੇਂ ਦੀ ਚਾਲ ਸੀ,
ਬੱਸ ਬੋਲ ਹੀ ਨਾ ਸਕਿਆ, ਉਂਝ ਤਾਂ ਉਹ ਮੇਰੇ ਨਾਲ ਸੀ।
ਇਹ ਵੀ ਤਾਂ ਹੋ ਸਕਦੈ, ਇਹ ਵੀ ਤਾਂ ਮੁਮਕਿਨ ਹੈ,
ਕਿ ਜੌਹਰੀ ਹੀ ਕੱਚਾ ਸੀ, ਉਹ ਹੀਰਾ ਤਾਂ ਕਮਾਲ਼ ਸੀ।
ਉੱਪਰੋਂ ਤਾਂ ਮੇਰੇ ਹੌਂਸਲੇ, ਚੁੰਬਦੇ ਸੀ ਅਸਮਾਨਾਂ ਨੂੰ ,
ਅੰਦਰੋਂ ਦਿਲ ਦੀ ਝੌਂਪੜੀ, ਬੜੀ ਹੀ ਖਸਤਾ ਹਾਲ ਸੀ।
ਮੋਹਲੇਧਾਰ ਮੀਂਹ ਸਿਰ ਤੇ, ਜਜਬਾਤਾਂ ਦਾ ਵਰਦਾ ਰਿਹਾ,
ਕੱਲਰ ਚ ਮੈਂ ਬੈਠਾ ਰਿਹਾ, ਖੌਰੇ ਕਿਸ ਦੀ ਢਾਲ ਸੀ।
ਓਦੇਂ ਦਿਨ ਨੂੰ ਹਨੇਰਾ, ਅਤੇ ਆਥਣ ਸੀ ਸੂਹਾ ਸੂਹਾ,
ਅੱਖ ਵਿੱਚੋਂ ਲਹੂ ਚੋਇਆ ਜਾਂ ਫੇਰ ਸੂਰਜ ਹੀ ਲਾਲ ਸੀ।
ਮਾਰਦਾ ਜਾਂ ਰੱਖ ਲੈਂਦਾ, ਇੱਕ ਪਾਸਾ ਹੋ ਜਾਣਾ ਸੀ,
ਤੂੰ ਸਦੀਆਂ ਤੱਕ ਲਟਕਾ ਦਿੱਤਾ, ਇੱਕ ਪਲ ਦਾ ਸਵਾਲ ਸੀ।
ਕਦੋਂ ਮਿਲੂ, ਕਿਵੇਂ ਮਿਲੂ, ਰੱਬ ਸੱਚਾ ਜਾਣਦਾ ਹੈ,
"ਮੰਡੇਰ" ਨੂੰ ਤਾਂ ਐਂਵੇ ਬੱਸ, ਝੂਠਾ ਜਿਹਾ ਮਲਾਲ ਸੀ॥