ਡੂੰਘੀਆਂ ਹੋਣ ਜਦੋਂ ਤਰਕਾਲਾਂ 

ਸੰਬਰੀ ਧੋਤੀ ਮਾਲ ਰੋਡ 'ਤੇ 

ਲੋਕੀਂ ਨਿਕਲਣ ਬੰਨ੍ਹ ਬੰਨ੍ਹ ਪਾਲਾਂ

ਕਾਲੇ ਨੈਣ ਦੁਪੱਟਾ ਪੀਲਾ

ਜ਼ੁਲਫ਼ੀ ਰਾਤ ਦੀ ਰਾਣੀ ਮਹਿਕੇ

ਮੁਖ ਤੇ ਪਾਊਡਰ ਦਾ ਫੁਲ ਟਹਿਕੇ

ਹੋਠਾਂ ਉੱਪਰ ਕਿੱਸ ਮੀ ਲਿਪਸਟਿਕ ਦੀ ਮੁਸਕਾਣ

ਸ਼ਾਮਾਂ ਵੇਲੇ ਮਾਲ ਰੋਡ 'ਤੇ

ਰੂਪ ਰੰਗ ਦੀ ਉੱਡਦੀ ਲੀਲ੍ਹਾ

ਦਿਲ ਤੋਂ ਧੋਣ ਥਕਾਵਟ ਦਿਲ ਦੀ

ਜਣੇ ਖਣੇ ਸਭ ਆਣ।

ਵੱਡੇ ਵੱਡੇ ਕੰਮ ਪਏ ਨੇ,

ਦੇਸ਼ ਦੇ ਨੇਤਾ ਦੀ ਤਕਰੀਰ

ਦਿਲ ਵਿਚ ਕੀ ਕੀ ਗ਼ਮ ਪਏ ਨੇ 

ਬੰਦ ਕਰੋ ਇਹ ਬੰਬ ਤਜ਼ਰਬੇ, 

ਮਹਾਂ ਪਾਦਰੀ ਦਾ ਐਲਾਨ

ਨਵੀਂ ਕਣਕ ਦੇ ਭਾ ਦੀਆਂ ਗੱਲਾਂ 

ਕਾਕੇ ਦੇ ਤਨਖ਼ਾਹ ਦੀਆਂ ਗੱਲਾਂ 

ਜਨ ਸੰਖਿਆ ਤੇ ਬੇ-ਰੁਜ਼ਗਾਰੀ 

ਦੇਸ਼ ਵਿਦੇਸ਼ ਦੀ ਸਿਆਸਤ ਸਾਰੀ 

ਪਾਣ ਚਬਾ ਕੇ ਥੱਕੀ ਜਾਣ 

ਸਿਗਰਟ ਧੂੰਏਂ ਵਿਚ ਉਡਾਣ

ਗਰਮੀ ਵੀ ਹੈ ਕੇਹੀ ਚੀਜ਼

ਵਿਰਲੀ ਪਾਏ ਕੋਈ ਸ਼ਮੀਜ਼ 

ਜਿਸ ਦੀ ਪਤਲੀ ਜਹੀ ਕਮੀਜ਼

ਉਸ ਸ਼ੋਹਦੀ ਦਾ ਕਾਹਦਾ ਪਰਦਾ 

ਹਿੱਕ ਨੂੰ ਬੰਨ੍ਹੇ ਬਿਨਾਂ ਦਾ ਸਰਦਾ 

ਗੋਰੇ ਗੋਰੇ ਜਿਸਮ ਸਡੌਲ

ਵੇਖ ਕੇ ਮੂੰਹ ਵਿਚ ਪਾਣੀ ਭਰਦਾ 

ਬਿਜਲੀ ਦੇ ਖੰਭੇ ਦੇ ਕੋਲ

ਜਾਵੇ ਨਰਮ ਕਾਲਜਾ ਡੋਲ

ਤੋਲਣ ਵਾਲੇ

ਅੱਖਾਂ ਅੱਖਾਂ ਵਿਚ ਹੀ ਲੈਂਦੇ

ਰੂਹ ਤੇ ਬੁੱਤ ਦੋਹਾਂ ਨੂੰ ਤੋਲ।

ਨਵੀਂ ਫ਼ਿਲਮ ਦੇ ਗੀਤਾਂ ਦੀ ਗੱਲ 

ਅਪੜੇ ਅੰਤ ਸੁਨੀਤਾ ਤਾਈਂ

ਜਿਸ ਦੇ ਪਾਪਾ ਤਲਖ਼ ਮਿਜ਼ਾਜ 

ਕਿੰਨਾ ਚਿਰ ਝਗੜੀ ਜੋ ਕੱਲ੍ਹ 

ਆਪਣੇ ਮਿਊਜ਼ਿਕ ਟੀਚਰ ਨਾਲ 

ਸੈਰ ਲਫ਼ਜ਼ ਵੀ ਕੇਡਾ ਚੰਗਾ 

ਵਾ ਖੋਰੀ ਤਾਂ ਪੁੱਜ ਹੈ ਐਵੇਂ

ਹਰ ਕੋਈ ਕਿਸੇ ਨੂੰ ਵੇਖਣ ਆਉਂਦਾ 

ਜਾਂ ਫ਼ਿਰ ਆਪਣਾ ਆਪ ਵਿਖਾਲਣ। 

ਦਿਲ ਮੈਨੂੰ ਇਤਨਾ ਦਸ ਦੇ 

ਰੋਜ਼ ਮੈਂ ਏਥੇ ਕੀ ਸ਼ੈ ਭਾਲਾਂ 

ਡੂੰਘੀਆਂ ਹੋਣ ਜਦੋਂ ਤਰਕਾਲਾਂ

📝 ਸੋਧ ਲਈ ਭੇਜੋ