ਮਨ ਅੱਤਾਰ ਸੱਤਾਰ ਕਹਾਇਆ, ਵਾਹਦਤ ਅੰਦਰ ਵੜਿਆ ।
ਸ਼ਾਹ ਮੁਰਾਦ ਹਿਕ ਲਫ਼ਜ਼ ਜੋਹਾਂ, ਮਨਸੂਰ ਕਿਉਂ ਸੂਲੀ ਚੜ੍ਹਿਆ ।
ਹਰ ਹੋਵਾਂ ਤਾਂ ਹਰ ਕੋਈ ਪਕੜੇ, ਕਿਉਂ ਅਲਾ ਆਪ ਕਹਾਇਆ ।
ਮੈਂ ਤੂੰ ਆਖਿਆਂ ਸਾਹਿਬ ਮਾਰੇ, ਬਨ ਮੈਂ ਕੰਤ ਕਹਾਇਆ ।
ਸ਼ਾਹ ਮੁਰਾਦ ਹੈਰਾਨੀ ਅੰਦਰ, ਕਿਸੇ ਸਾਧੂ ਪੀਰ ਕੈ ਪਾਇਆ ।
ਘਰ ਵਿਚ ਪੁੰਨ ਚੰਗੇਰਾ, ਕਿਆ ਮੱਕਾ ਕਿਆ ਤੀਰਥ ਗੰਗਾ ।
ਯਾਰ ਰਿਹਾ ਕੁਝ ਪਾਰ ਸਾਈਂ ਦੇ, ਯਾ ਭੁੱਖਾ ਨੰਗਾ ।
ਯਾ ਮਸਹਫ਼ ਯਾ ਵੇਦ ਮਨੀਵੇ, ਹੁਕਮ ਕਿਹਾ ਦੋਰੰਗਾ ।
ਮੋਮਨ ਸ਼ਾਹ ਮੁਰਾਦ ਭਲਾ, ਯਾ ਹਿੰਦੂ ਕੋਈ ਚੰਗਾ ।
ਨੇਕੀ ਬਦੀ ਅਸਾਂ ਤੇ ਲਾਈ, ਕਿਸ ਤੇ ਹੁਕਮ ਚਲਾਈਏ ।
ਸ਼ਾਹ ਮੁਰਾਦ ਹੁਕਮ ਦੋਰੰਗੀ, ਕਿਸ ਤੇ ਅਮਲ ਕਰਾਈਏ ।
ਸੁਰਗੇ ਨਰਕੇ ਦਾਖ਼ਲ ਹੋਸੀ, ਇਹ ਚੰਗਾ ਉਸ ਰਾਹ ।
ਸ਼ਾਹ ਮੁਰਾਦ ਕਰਨੀ ਭਰਨੀ ਆਪੋ ਅਪਣੀ, ਰੱਬ ਥੀਂ ਸਮਝਾ ।
ਹਿਕਨਾ ਦਾ ਮੁੱਲ ਲਾਲ ਜਵਾਹਰ, ਹਿਕਨਾ ਮੁੱਲ ਪਚੀਜ਼ ਕਰੇ ।
ਰੱਬ ਸਾਹਿਬ ਘਮਢੋਲ ਮਚਾਯਾ, ਸ਼ਾਹ ਮੁਰਾਦ ਤਮੀਜ਼ ਕਰੇ ।
ਆਸ਼ਿਕ ਕਹਿਣਾ ਸਹਿਲ ਹੈ, ਇਸ਼ਕ ਦਾ ਮਹਿਲ ਹੈ ਦੂਰ ।
ਕੇਤੇ ਵਹਿਣ ਵਹਿ ਗਏ, ਇਸ਼ਕ ਬਿਨਾਂ ਸਭ ਕੂੜ ।