ਤੇਰੇ ਤੋਂ ਹੋਰ ਦੱਸ ਕੀ ਮੰਗਾਂ?
ਮੈਨੂੰ ਮੇਰੇ ਪਾਪਾਂ ਦੀ ਸਜ਼ਾ ਮਿਲਦੀ ਰਹੇ,
ਝੜਦਾ ਰਹੇ ਇਹ ਜਿਸਮ, ਹੋ ਦਾਣਾ ਦਾਣਾ,
ਵਖ਼ਤ ਦੀ ਛਾਣਨੀ ਇੰਝ ਹਿਲਦੀ ਰਹੇ।
ਮਘਦੀ ਰਹੇ ਮੇਰੀਆਂ ਇੱਛਾਵਾਂ ਦੀ ਅੰਗੀਠੀ,
ਵਿਕਾਰਾਂ ਦੀ ਭੁੱਬਲ, ਪਲ ਪਲ ਕਿਰਦੀ ਰਹੇ,
ਜਦ ਤੱਕ ਨਾ ਹੋਵੇ ਦੀਦਾਰ ਯਾਰ ਦਾ,
ਮੇਰੀ ਰੂਹ ਬੀਆਬਾਨ ਚ ਫਿਰਦੀ ਰਹੇ।
ਮੁੱਕਦੀ ਰਹੇ ਇਹ ਸਾਹਾਂ ਦੀ ਪੂੰਜੀ,
ਬਿਨ ਤੇਰੇ, ਦੁੱਖਾਂ ਵਿੱਚ ਘਿਰਦੀ ਰਹੇ,
ਸੁੱਖ ਮੇਰੇ ਆਉਣ ਬਣ ਬਣ ਰੋਗ ਜਦ,
ਹਉਮੇ ਮੇਰੀ, ਤੇਰੇ ਦਰ ਤੇ ਗਿਰਦੀ ਰਹੇ।
ਪਰਖਦੀ ਰਹੇ ਮੇਰੇ ਜਜ਼ਬੇ ਦੀ ਆਜ਼ਾਦੀ,
ਕਿਸਮਤ ਨਿੱਤ ਨਵੇਂ ਜਾਲ ਸਿਲਦੀ ਰਹੇ,
ਪਰਵਾਹ ਨਹੀਂ ਪੋਹ ਦੀਆਂ ਠੰਡੀਆਂ ਰਾਤਾਂ ਦੀ,
ਫੱਗਣ ਜਿਹੀ ਰਹਿਮਤ ਦੀ ਧੁੱਪ ਖਿਲਦੀ ਰਹੇ।
ਜੇ ਫੇਰ ਵੀ ਸੁਨਣਾ ਚਾਹਵੇਂ,
ਜੇ ਕਦੇ ਮੌਜ਼ ਵਿੱਚ ਆਵੇਂ,
ਜਿੰਦਾ ਤੈਨੂੰ ਮਿਲਣ ਦੀ ਤਾਂਘ,
ਸਲਾਮਤ ਪੱਗ ਸਿਰ ਦੀ ਰਹੇ।
ਦਿਨੋ ਦਿਨ ਨਸ਼ੀਲੀ ਹੋ ਰਹੀ, "ਮੰਡੇਰ" ਰੱਖ ਤੂੰ ਹੌਂਸਲਾ,
ਚੰਗੀ ਹੈ ਦਾਰੂ ਵਸਲ ਦੀ, ਦੱਬੀ ਦਿਲ ਵਿੱਚ ਜਿੰਨੇ ਚਿਰ ਦੀ ਰਹੇ॥