ਮੰਗਦਾ ਪਾਣੀ ਸਮੁੰਦਰ ਮਰ ਗਿਆ।
ਦੇਖ ਲਉ ਜੀ ਫਿਰ ਸਿਕੰਦਰ ਮਰ ਗਿਆ।
ਬਚਕੇ ਤੇਰੀ ਯਾਦ ਤੋਂ ਕਿਹੜੇ ਜੰਗਲ ਵਿਚ ਛੁਪਾਂ।
ਹਰ ਡਾਲੀ ਹਰ ਪੱਤੇ ਉੱਤੇ ਲਿਖਿਆ ਤੇਰਾ ਨਾਂ।
ਏਥੇ ਤਾਂ ਹਰ ਟਾਹਣ ਧੁਖਦਾ ਪੱਤੇ ਸੜਦੇ ਰਹਿਣ,
ਏਸ ਸ਼ਹਿਰ ਦੇ ਬਿਰਖ਼ ਸਰਾਪੇ ਮੰਗੀ ਮਿਲੇ ਨਾ ਛਾਂ।
ਜੀਅ ਕਰਦਾ ਹੈ ਦੀਵਾਰਾਂ ਤੋਂ ਉੱਚੀ ਮਾਰਾਂ ਚੀਕ,
ਮੈਥੋਂ ਬਰਦਾਸ਼ਤ ਨਾ ਹੋਵੇ ਵਰਤੀ ਸੁੰਨ-ਸਰਾਂ।
ਤੇਰੇ ਪਿੰਡ ਦੇ ਨੇੜੇ ਜਿਹੜਾ ਵਗਦਾ ਸੀ ਦਰਿਆ,
ਓਸੇ ਦਰਿਆ ਦੇ ਵਿਚ ਡੁੱਬੀਆਂ ਮੇਰੀਆਂ ਚਾਨਣੀਆਂ।
ਅੰਬਰ ਦਾ ਸੂਰਜ ਤਾਂ ਆਥਣ ਨੂੰ ਛੱਡ ਜਾਏ ਸਾਥ,
ਜੋ ਸੂਰਜ ਮੱਥੇ ’ਚੋਂ ਉੱਗਦੇ ਕਦੀ ਵੀ ਡੁਬਦੇ ਨਾਂਹ।