ਕਦੇ ਕਦੇ ਜਦ ਮੈਂ ਆਪਣੀ ਮੰਜਿਲ ਬਾਰੇ ਸੋਚਦਾਂ।

ਤੇਰੇ ਦਰ ਤੇ ਕੇ ਮੈਂ, ਹੋ ਟੱਲੀ ਰਹਿਣਾ ਲੋਚਦਾਂ॥

ਦੁਨੀਆਂ ਦੀਆਂ ਇਹ ਰੀਤਾਂ, ਰਸਮ, ਰਿਵਾਜ ਬੜੇ ਕਠੋਰ ਨੇ।

ਨਾਮ ਤੇਰੇ ਦੀ ਢਾਲ ਲੈ, ਉਹਨਾਂ ਨਾਲ ਖਹਿਣਾ ਲੋਚਦਾਂ॥

ਖਾਬਾਂ ਦੇ ਸਾਉਣ ਦੀਆਂ ਝੜੀਆਂ ਦੇ ਵਿੱਚ, ਅਕਲ ਮੇਰੀ ਸਲ੍ਹਾਬ ਗਈ।

ਨੰਗੇ ਸਿਰ, ਹਕੀਕਤ ਦੀ ਹੁਣ, ਧੁੱਪ ਮੈਂ ਸਹਿਣਾ ਲੋਚਦਾਂ॥

ਕੁਫਰ ਤੋਲਦਿਆਂ ਜਿੰਦਗੀ ਬੀਤੀ, ਝੂਠ ਦੇ ਨਾਲ ਲਗਾ ਲਈ ਪ੍ਰੀਤੀ।

ਹਿੰਮਤ ਬਖ਼ਸ਼, ਦੋ ਸ਼ਬਦ ਹੁਣ, ਮੈਂ ਸੱਚ ਦੇ ਕਹਿਣਾ ਲੋਚਦਾਂ॥

ਤੂੰ ਦਰਿਆ, ਮੈਂ ਕੰਢਾ ਤੇਰਾ, ਅੱਜ ਤੱਕ ਸੁੱਕਾ ਰਹਿਆ।

ਭੇਜ ਕਦੇ ਕੋਈ ਛੱਲ ਪਿਆਰ ਦੀ, ਤੇਰੇ ਨਾਲ ਮੈਂ ਵਹਿਣਾ ਲੋਚਦਾਂ॥

"ਮੰਡੇਰ" ਰੇਤ ਦੀ ਕੰਧ ਜਿਹਾ ਹਾਂ, ਨਾ ਮੁੱਕਣ ਵਾਲੇ ਪੰਧ ਜਿਹਾ ਹਾਂ।

ਖੁਰਾ ਖੋਜ ਹੀ ਮਿਟ ਜਾਵੇ, ਇਸ ਕਦਰ ਮੈਂ ਢਹਿਣਾ ਲੋਚਦਾਂ॥

📝 ਸੋਧ ਲਈ ਭੇਜੋ