ਮੰਨੇ ਹੋਣੇ ਦਸਤੂਰ ਤੇਰੇ, ਪਿਆਰ ਵਿੱਚ ਭਿੱਜ ਕੇ ਸੱਜਣਾ ।
ਵਰਨਾ ਕੌਣ ਜਾਣੀ ਜਾਣ, ਜ਼ਿੰਦਗੀ ਨੂੰ ਮੌਤ ਬਣਾ ਸਕਦਾ ।
ਸਭ ਕੁਝ ਮਾਣ ਕੇ ਮੁੱਕਰੇਂ, ਆਦਤ ਬਣ ਗਈ ਤੇਰੀ ।
ਛੱਡ ਕੇ ਦੂਰ ਜਾ ਵੱਸਿਆਂ, ਕੀ ਪਾਪਾਂ ਢਾਹ ਲਈ ਢੇਰੀ?
ਚੰਨ ਪਾਉਂਦਾ ਗਵਾਹੀ, ਜੇ ਹਨ੍ਹੇਰੀਆਂ ਰਾਤਾਂ ਨਾ ਹੁੰਦੀਆਂ ।
ਮਾਰੂਥਲਾਂ ਨਿਸ਼ਾਨ ਤੇਰੇ ਪੈਰਾਂ, ਰੇਤ ਕਿੱਦਾਂ ਉਡਾ ਜਾਂਦੀ ।
ਅੰਦਰ ਝਾਤ ਮਾਰੀ ਜਦ, ਰੂਹ ਮੇਰੀ ਲੇਖ ਕਿੰਝ ਪਏ ।
ਕੱਚੇ ਕੰਢੇ ਜ਼ਖ਼ਮਾਂ ਦੇ, ਮੈਂ ਪੰਡਾਂ ਬੰਨ੍ਹਦੇ ਵੇਖ ਲਏ ।
ਲੇਖਾਂ ਹਿਸਾਬ ਹੋਣ ਲੱਗੇ, ਜੇ ਪੱਲੜਾ ਤੇਰਾ ਡੋਲ ਜੇ ।
ਵੱਟੇ 'ਸਰਬ' ਨੂੰ ਪਾ ਲਵੀਂ, ਨਜ਼ਾਰੇ ਮਾਣੀ ਜਿੱਤਣ ਦੇ ।
ਤੱਕੜੀ ਓਸ ਨਾ ਬੈਠੀਂ, 'ਤੇਰਾ-ਤੇਰਾ' ਤੋਲਦੀ ।
ਮੰਨੀ ਤੂੰ ਰਜ਼ਾ ਨਹੀਂ, ਤੇ ਜਿੱਤਣਾ ਮੈਂ ਨਹੀਂ ਚਾਹੁੰਦੀ ।
ਮਰਨ ਤੇ ਖੁਸ਼ ਹੋਈਂ ਮੇਰੇ, ਕਿ ਰਾਜ਼ ਦਫ਼ਨ ਹੋ ਗਏ ।
ਛੇੜਨੀ ਝੁਰਨਾਟ ਲਾਹਨਤਾਂ, ਕੱਲਾ ਨਾ ਬਹੀਂ ਕਦੇ ।
ਇਹ ਲੇਖੇ ਲੇਖਾਂ ਦੇ, ਅਸਾਂ ਨਹੀ ਲੈਣੇ ਸੱਜਣਾ ।
ਭਾਣਾ ਪੈ ਗਿਆ ਮੰਨਣਾ, ਤਾਂ ਤੈਨੂੰ ਦੇਣੇ ਪੈਣੇ ਨੇ ।
'ਸਰਬ ਦਾ ਵੱਸ ਚੱਲਿਆ ਜੇ, ਗੁਨਾਹ ਤੇਰੇ ਸੀਨੇ ਲਾ ਲੈਣੇ ।
ਮੱਥਾ ਅੱਗੇ ਕਰ ਕੇ ਤੇ, ਪਵਿੱਤਰ ਪਾਪੀ ਬਣ ਜਾਣਾ ।