ਮੰਨਿਆ ਜਹਾਨ ਰਹਿਣ ਦੇ ਕਾਬਿਲ ਨਹੀਂ ਰਿਹਾ
ਸਾਨੀ ਵੀ ਕੋਈ ਏਸ ਦਾ ਪਰ ਮਿਲ ਨਹੀਂ ਰਿਹਾ
ਦਿਲਬਰ ਨਹੀਂ ਰਿਹਾ ਕਿ ਹੁਣ ਉਹ ਦਿਲ ਨਹੀਂ ਰਿਹਾ,
ਇਹ ਜੀਣ ਵੀ ਹੁਣ ਜੀਣ ਦੇ ਕਾਬਿਲ ਨਹੀਂ ਰਿਹਾ
ਮੈਂ ਜਿਸ ਦਾ ਮਾਰਾ ਜੀ ਰਿਹਾਂ ਕਿੱਥੇ ਉਹ ਮਰ ਗਿਆ,
ਮਕਤੂਲ ਜ਼ਿੰਦਾ ਰਹਿ ਗਿਆ ਕਾਤਿਲ ਨਹੀਂ ਰਿਹਾ
ਮੌਸਮ ਤੇਰੇ ਸ਼ਬਾਬ ਦਾ ਜੇ ਤੁਰ ਗਿਆ ਤਾਂ ਕੀ,
ਇਹ ਤਾਂ ਨਹੀਂ ਤੂੰ ਪਿਆਰ ਦੇ ਕਾਬਿਲ ਨਹੀਂ ਰਿਹਾ
ਦੁਨੀਆਂ ਨੇ ਮਿਲਣੋਂ ਰੋਕਿਆ ਖ਼ਾਬਾ ਨੇ ਮੇਲਿਆ,
ਮੁਸ਼ਕਿਲ ਸੀ ਤੇਰਾ ਮੇਲ ਜੋ ਮੁਸ਼ਕਿਲ ਨਹੀਂ ਰਿਹਾ
ਹਾਸਿਲ ਜਦੋਂ ਦੀ ਹੋ ਗਈ ਦੌਲਤ ਅਦੀਬ ਨੂੰ,
ਘਨ ਤੇ ਅਬੂਰ ਓਸ ਨੂੰ ਹਾਸਿਲ ਨਹੀਂ ਰਿਹਾ
'ਉਲਫ਼ਤ' ਤੇਰਾ ਮਿਲਾਪ ਵੀ ਇਹ ਕਾਹਦਾ ਮਿਲਾਪ ਹੈ,
ਮਿਲਿਆਂ ਵੀ ਏਂ ਪਰ ਮਿਲ ਕੇ ਵੀ ਤੂੰ ਮਿਲ ਨਹੀਂ ਰਿਹਾ