ਬਹੁਤ ਹੰਭਾਇਆ
ਰੇਤਲ ਭਖਦੇ ਹੋਏ ਥਲਾਂ ਨੇ
ਪੈਰ ਪੈਰ ਤੇ ਛਲ ਕੀਤੇ ਨੇ
ਬਹੁਤ ਖਪਾਇਆ
ਆਦਰਸ਼ਾਂ ਦੇ ਮਿਰਗ-ਜਲਾਂ ਨੇ।
ਬਿਰਛ-ਵਿਹੂਣੇ ਸਹਿਰਾਵਾਂ ਵਿਚ
ਵਾਵਰੋਲਿਆਂ ਵਾਂਗੂੰ ਸੁਰਤ ਉਡਾਈ ਰੱਖੀ
ਧੁਰ ਤੋਂ ਲਗਨ ਜਿਵੇਂ ਸੀ ਲੱਗੀ
ਹਰ ਦਮ ਜਿਸ ਨੇ ਤੇਹ ਦੀ ਤਪਸ਼ ਮਚਾਈ ਰੱਖੀ।
ਤੱਤੀ ਲੂ ਦੇ ਬੁੱਲ੍ਹਿਆਂ
ਪੈਰ ਪੈਰ ’ਤੇ ਰੇਤ ਉਡਾਈ
ਮੂੰਹ ਤੇ ਪਾਈ।
ਨਾ ਕੋਈ ਪੈੜ ਤੇ ਨਾ ਪਗਡੰਡੀ
ਵੇਹੰਦੇ ਵੇਹੰਦੇ
ਰੇਤ ਦੇ ਨਕਸ਼ ਬਦਲ ਜਾਂਦੇ ਸਨ।
ਤੂੰ ਮੈਨੂੰ
ਇਸ ਮਨੋਦਸ਼ਾ ਵਿਚ
ਨਖ਼ਲਿਸਤਾਨ ਦੇ ਵਾਂਗ ਮਿਲੀ ਏਂ
ਨਾ ਤੂੰ ਰਸਤਾ ਨਾ ਤੂੰ ਮੰਜ਼ਿਲ
ਮੈਂ ਏਥੇ ਕੁਝ ਪਲ ਸਸਤਾ ਕੇ
ਤਪਦੇ ਸਹਿਰਾਵਾਂ ਵਲ
ਵਾਵਰੋਲਿਆਂ ਸੰਗ ਤੁਰ ਜਾਣਾ
ਖ਼ਬਰ ਨਹੀਂ ਹੈ ਕਦ ਤੱਕ
ਹੋਰ ਹੰਭਾਣਾ ਹੋਰ ਖਪਾਣਾ
ਰੇਤਲ ਥਲਾਂ ਦੇ ਮਿਰਗ-ਜਲਾਂ ਨੇ।