ਮੇਰੀ ਮੈਂ ਨਾਲ਼ ਪਿਆਰ ਹੋ ਗਿਆ

ਸੱਚ ਦੱਸਾਂ ਤੇ ਖਿੜ-ਖਿੜ ਹੱਸਾਂ।

 ਅੱਜ-ਕੱਲ੍ਹ ਮੈਂ ਤਾਂ ਲੋਕੋ ਰਾਤ-ਦਿਨ।

 ਆਪਣੇ ਮਗਰੇ ਆਪੇ ਨੱਸਾਂ।

 ਤੁਸੀਂ ਕਹੋਗੇ ਕੀ ਹੋ ਗਿਆ।

 ਆਪਣੀ ਕੀ ਕਹਾਣੀ ਦੱਸਾਂ।

 ਕਿ ਮੈਨੂੰ ਇਸ ਉਮਰ ਵਿੱਚ ਲੋਕੋ।

 ਮੇਰੀ ਮੈਂ ਨਾਲ਼ ਪਿਆਰ ਹੋ ਗਿਆ।

 ਮੈਂ ਨਾਲ਼ ਜਦ ਪਿਆਰ ਹੋ ਗਿਆ।

 ਸੋਹਣਾ ਮੈਂ, ਮੈਂ ਲਈ ਸੂਟ ਬਣਾਇਆ।

 ਸਿਰ ਪਿੰਡੇ ਨ੍ਹਾਇਆ, ਤਨ ’ਤੇ ਪਾਇਆ।

 ਸ਼ੀਸ਼ੇ ਮੂਹਰੇ ਅੜਕਾਂ ਕੱਢੀਆਂ।

 ਗਹਿਣਾ-ਗੱਟਾ ਮੈਂ ਨੂੰ ਪਾਇਆ।

 ਮੇਰੀ ਮੈਂ ਜਦ ਮੈਂ ਨਾਲ਼ ਫੱਬੀ।

 ਲੱਗੇ ਸੋਹਣੀ ਬੇੜਾ ਪਾਰ ਹੋ ਗਿਆ।

 ਮੈਨੂੰ ਮੇਰੀ ਏਸ ਉਮਰ ਵਿੱਚ।

 ਮੇਰੀ ਮੈਂ ਨਾਲ਼ ਪਿਆਰ ਹੋ ਗਿਆ।

 ਮੈਂ-ਮੈਂ ਨੂੰ ਜਦ ਖ਼ੁਦ ਸਜਾਇਆ।

 ਰੱਜ ਕੇ ਤੱਕਿਆ, ਅੱਥਰੂ ਭਰ-ਭਰ।

 ਰੁੱਸ ਕੇ ਬਹਿ ਗਈ, ਮਸਾਂ ਮਨਾਇਆ।

 ਕਿ ਮੈਂ ਕਿਉਂ ਮੈਂ ਦਾ ਕਦਰ ਨਾ ਪਾਇਆ।

 ਕਿਉਂ ਮੈਨੂੰ ਆਪਣੇ ਅੰਦਰ ’ਚੋਂ

 ਮੇਰਾ ਮੈਂ ਨਜ਼ਰੀਂ ਨਾ ਆਇਆ।

 ਮੈਂ-ਮੈਂ ਦੀ ਖ਼ੁਦ ਬੇਕਦਰੀ ਕੀਤੀ।

 ਤਾਂ ਮੇਰੀ ਮੈਂ ਦਾ ਜਿਊਣਾ ਲੋਕੋ।

 ਲੋਕਾਂ ਤੋਂ ਦੁਸ਼ਵਾਰ ਹੋ ਗਿਆ।

 ਪਰ ਹੁਣ ਮੈਨੂੰ, ਮੇਰੀ ਮੈਂ ਨਾਲ਼।

 ਹੱਦੋਂ ਵਧ ਕੇ ਪਿਆਰ ਹੋ ਗਿਆ।

 ਮੈਂ ਤੱਕਿਆ ਕਿ ਮੈਂ ਤਾਂ ਲੋਕੋ।

 ਆਪਣੀ ਸੋਹਣੀ ਜਿਹੀ ਮੈਂ ਨੂੰ।

 ਮੈਂ ਖ਼ੁਦ ਹੀ ਮਾਰਨ ਲੱਗੀ ਸੀ।

 ਜੋ ਮੇਰੀ ਮੈਂ ਨਾਲ਼ ਠੱਗੀ ਸੀ।

 ਫੇਰ ਮੈਂ ਮੈਂ ਦਾ ਸ਼ਿੰਗਾਰ ਕਰ ਲਿਆ।

 ਮੇਰਾ ਸੁਹਣਾ ਸਰਬ ਤਿਆਰ ਹੋ ਗਿਆ।

 ਮੈਨੂੰ ਇਸ ਉਮਰ ਵਿੱਚ ਲੋਕੋ।

 ਮੇਰੀ ਮੈਂ ਨਾਲ਼ ਪਿਆਰ ਹੋ ਗਿਆ।

 ਅੱਜ-ਕੱਲ੍ਹ ਮੈਂ ਰਿਸ਼ਤੇਦਾਰਾਂ ਦੇ ਨਾਲ਼ੋਂ।

 ਆਪਣੀ ਮੈਂ ਉੱਤੇ ਮਰਦੀ ਹਾਂ।

 ਸ਼ੀਸ਼ੇ ਮੋਹਰੇ ਆਪੇ ਬਹਿ ਕੇ।

 ਆਪਣੀਆਂ ਲਿਖੀਆਂ ਪੜ੍ਹਦੀ ਹਾਂ।

 ਮੈਂ ਨਾਲ਼ ਗੁਣਗੁਣਾ ਕੇ ਕਵਿਤਾ।

 ਆਪਣੀਆਂ ਸਿਫ਼ਤਾਂ ਕਰਦੀ ਹਾਂ।

 ਹੁਣ ਮੈਂ-ਮੈਂ ਦਾ ਯਾਰ ਹੋ ਗਿਆ।

 ਮੈਨੂੰ ਏਸ ਉਮਰ ਵਿੱਚ ਲੋਕੋ।

 ਮੇਰੀ ਮੈਂ ਨਾਲ਼ ਪਿਆਰ ਹੋ ਗਿਆ।

📝 ਸੋਧ ਲਈ ਭੇਜੋ