ਮੈਨੂੰ ਮੁਆਫ਼ ਕਰ ਦੇਣਾ
ਜੇ ਕਿਤੇ ਮੈਂ ਤੁਹਾਡੇ ਸੁੱਤਿਆਂ-ਸੁੱਤਿਆਂ
ਸੁਨਹਿਰੀ ਸੁਪਨੇ ਦੀ ਪੈੜ ਨੱਪਦਿਆਂ
ਮਰਿਆਦਾ ਦੀ ਕੰਧ ਟੱਪਣ ਦਾ
ਹੌਂਸਲਾ ਵਿਖਾਇਆ ਹੋਵੇ
ਮੈਨੂੰ ਮੁਆਫ਼ ਕਰ ਦੇਣਾ
ਜੇ ਮੈਂ ਤੁਹਾਡੇ ਜੇਲ੍ਹਨੁਮਾ ਘਰ 'ਚੋਂ
ਚੰਨ ਤੱਕਣ ਲਈ
ਆਪਣੇ ਹਿੱਸੇ ਦਾ ਆਕਾਸ਼ ਮੰਗਿਆ ਹੋਵੇ
ਮੈਨੂੰ ਮੁਆਫ਼ ਕਰ ਦੇਣਾ
ਜੇ ਮੈਂ ਹਨ੍ਹੇਰੇ ਦੇ ਕਬਜ਼ੇ ਹੇਠਲੀ ਜ਼ਮੀਨ 'ਚ
ਚਾਨਣ ਦਾ ਬੀਜ ਬੀਜਣ ਦੀ
ਜ਼ੁਰਅਤ ਕੀਤੀ ਹੋਵੇ
ਮੈਨੂੰ ਮੁਆਫ਼ ਕਰ ਦੇਣਾ
ਉਨ੍ਹਾਂ ਸਾਰੇ ਗ਼ੁਨਾਹਾਂ ਲਈ
ਜਿਹੜੇ ਸਜ਼ਾ ਸੁਣਾਉਣ ਯੋਗ ਤਾਂ ਨਹੀਂ ਹੁੰਦੇ
ਪਰ ਅਕਸਰ ਹੀ ਚੜ੍ਹਾ ਦਿੱਤੇ ਜਾਂਦੇ ਨੇ ਸੂਲੀ 'ਤੇ