ਮੈਨੂੰ ਨਫਰਤ ਹੈ!
ਸਮੇਂ ਦੀਆਂ ਸਰਕਾਰਾਂ ਨਾਲ,
ਜੋ ਝੂਠੀਆਂ ਕਸਮਾਂ ਖਾਂਦੀਆਂ,
ਤੇ ਝੂਠੇ ਵਾਅਦੇ ਕਰਦੀਆਂ ਨੇ,
ਪਰ ਜਨਤਾ ਨੂੰ ਪੈਰੀਂ ਮਸਲ਼ਕੇ,
ਆਪਣਾ ਘਰ ਹੀ ਭਰਦੀਆਂ ਨੇ।
ਮੈਨੂੰ ਨਫਰਤ ਹੈ!
ਉਸ ਖ਼ੁਦਾ ਨਾਲ ਵੀ,
ਜੋ ਪੈਸਿਆਂ ਦੀ ਮਹਿਕ ਵਾਲੇ,
ਸੰਗਮਰਮਰੀ ਮਹਿਲਾਂ 'ਚ ਵੱਸਦਾ ਏ,
ਤੇ ਪਸੀਨੇ ਦੀ ਬਦਬੂ ਤੋਂ ਡਰਕੇ,
ਕੱਚੇ ਘਰਾਂ ਤੋਂ ਦੂਰ ਦੂਰ ਨੱਸਦਾ ਏ।
ਮੈਨੂੰ ਨਫਰਤ ਹੈ!
ਉਹਨਾਂ ਲੋਕਾਂ ਨਾਲ ਵੀ,
ਜੋ ਨਵਾਂ-ਨਕੋਰ,ਕੋਰਾ ਹੀ ਰੱਖਦੇ ਨੇ,
ਦਿਮਾਗ ਦਾ ਕੋਈ ਸਫ਼ਾ ਵਰਤਦੇ ਨਹੀਂ,
ਕਿਸੇ ਦਾ ਕਿਹਾ,ਸੁਣਿਆਂ ਮੰਨ ਲੈਂਦੇ ਨੇ,
ਤਰਕ ਦੀ ਕਸਵੱਟੀ ਤੇ ਪਰਖਦੇ ਨਹੀਂ।
ਮੈਨੂੰ ਨਫਰਤ ਹੈ!
ਉਹਨਾਂ ਚਿਹਰਿਆਂ ਨਾਲ ਵੀ,
ਜੋ ਭੁੱਲ-ਭੁਲੇਖੇ ਜਾਂ ਜਾਣ-ਬੁੱਝ ਕੇ,
ਜਿਸਮ-ਫਰੋਸਾਂ ਨੂੰ ਦਿਲਦਾਰ ਬਣਾਉਂਦੇ ਨੇ,
ਆਪਣਾ ਦੌਲਤਾਂ ਤੋਂ ਕੀਮਤੀ ਸਮਾਨ,
ਜਿਸਮ ਤੋਂ ਰੂਹ ਤੱਕ ਸਭ ਲੁਟਾਉਂਦੇ ਨੇ।