ਮੈਨੂੰ ਨਹੀਂ ਸੀ ਪਤਾ
ਕਿ ਮੇਰੀ ਧਰਤੀ ਤੇ
ਜ਼ਿੰਦਗੀ ਦਾ ਮੁੱਲ ਚੰਦ ਦਮੜੇ ਤੇ ਇਕ ਨੌਕਰੀ ਹੋਣਾ ਸੀ-
ਕਿ ਏਥੇ ਜਾਨ ਦੀ ਪ੍ਰਵਾਹ ਨਹੀਂ ਸੀ ਕਿਸੇ ਕਰਨੀ
ਕਿਸੇ ਦੇ ਵਿਆਹ ਵਿੱਚ ਨੱਚਣਾ ਪੈਣਾ ਸੀ
ਰੋਟੀ-ਰੋਜ਼ੀ ਲਈ
ਜਿਸਮ ਨੇ ਨਰਿਤ ਚ ਉੱਤਰਨਾ ਸੀ-
ਗੀਤ ਨੇ ਛਲਣੀ ਹੋਣਾ ਸੀ
ਤੇ ਪੈਰਾਂ ਚ ਢੇਰੀ ਹੋਣਾ ਸੀ-
ਕੋਈ ਨਹੀਂ ਸੀ ਪਤਾ ਮੈਨੂੰ-
ਕਿ ਕੁੱਖ ਚ ਮਰ ਜਾਣਾ ਸੀ ਕਿਸੇ ਸੁਫ਼ਨੇ ਨੇ
ਸਟੇਜ਼ਾਂ ਨੇ ਲਹੂ ਨਾਲ ਲੱਥਪੱਥ ਹੋਣਾ ਸੀ-
ਜਿਸਮਾਂ ਨੇ ਮੰਡੀਆਂ ਚ ਵਿਕਣਾਂ ਸੀ-
ਇਨਸਾਨੀਅਤ ਨੇ ਸਾਰਿਆਂ ਦੇ ਸਾਹਮਣੇ ਮਰਨਾਂ ਸੀ
ਪੰਜੇਬਾਂ ਨੇ ਖਿੱਲਰਨਾ ਸੀ ਬੋਰ 2 ਹੋ ਕੇ
ਨੱਚਦੇ ਪੱਬਾਂ ਨੇ ਸੁੰਨ੍ਹ ਹੋਣਾ ਸੀ ਗੋਲੀਆਂ ਨਾਲ-
ਨਹੀਂ ਸੀ ਪਤਾ-
ਸਭਿਅਤਾ ਨੇ ਪਲਾਂ ਚ ਮੁੱਕਣਾ ਸੀ-
ਕਿ ਪੰਜਾਬ ਨੇ ਆਪ ਡੁੱਬਣਾ ਸੀ ਆਪਣੇ ਲਹੂ ਚ
ਗੀਤ ਨੇ ਮੁਜ਼ਰਾ ਬਣ ਚੜ੍ਹਨਾ ਸੀ ਸੂਲੀ
ਨਸ਼ੇ ਦੇ ਲੋਰ ਨੇ ਸੰਗੀਤ ਦਾ ਕਤਲ ਕਰਨਾ ਸੀ
ਚਾਵਾਂ ਨੇ ਖ਼ੁਦਕੁਸ਼ੀ ਕਰਨੀ ਸੀ
ਨੱਚਦੇ ਸ਼ੌਕ ਮਰਨੇ ਸੀ ਸਾਹਮਣੇ
ਹਾਸੇ ਵਿਖਰਨੇ ਸਨ-
ਲਟਕਦੇ ਹਾਰ ਟੁੱਟਣੇ ਸਨ-
ਫੁੱਲਾਂ ਨੇ ਮਹਿਕ ਹਿੱਕ ਚ ਲੈ ਕੇ ਮਰਨਾਂ ਸੀ
ਕਿ ਕਿਸੇ ਕਲੀ ਨੇ ਘਰ ਵੀ ਨਹੀਂ ਸੀ ਪਰਤਣਾਂ ਅੱਜ
ਕਿਸੇ ਦਾ ਨਾਂ ਮਿਟਣਾਂ ਸੀ ਸਰਦਲ ਤੋਂ
ਚਾਵਾਂ ਨੇ ਘਰ ਨਹੀਂ ਸੀ ਅੱਪੜਣਾਂ ਮਾਵਾਂ ਕੋਲ
ਘਰ ਛੱਡ ਕੇ ਆਈਆਂ ਨੇ
ਜਗਾਉਣਾ ਨਹੀਂ ਸੀ ਜਾ ਕੇ ਗੀਗਿਆਂ ਨੂੰ
ਝੱਲ ਨਹੀਂ ਸੀ ਮਾਰਨੀ ਜਾ ਕੇ ਤੰਗੀਆਂ ਤੁਰਸ਼ੀਆਂ ਨੂੰ
ਕੋਈ ਨਹੀਂ ਸੀ ਪਤਾ
ਕਿ ਰੌਣਕਾਂ ਨੇ ਸਿਵੇ ਸਜਾਉਣੇ ਸਨ-
ਝਾਂਜ਼ਰਾਂ ਦੀ ਛਣਕਾਰ ਨੇ ਚਿਖ਼ਾ ਚ ਦਫ਼ਨ ਹੋਣਾ ਸੀ-
ਵੰਗਾਂ ਨੇ ਚੂਰ 2 ਹੋਣਾ ਸੀ ਡਿੱਗਦਿਆਂ ਸਾਰ
ਕਿ ਹੱਥਿਆਰਿਆਂ ਨੇ ਘਸੀਟ 2 ਸੁੱਟਣੀ ਸੀ
ਮੇਰੇ ਗੀਤ ਦੀ ਲਾਸ਼
ਸਤਰ 2 ਪੈਰਾਂ ਚ ਰੁਲਣੀ ਸੀ-
ਪੰਜ ਪਾਣੀਆਂ ਦੀ ਗੈਰਤ ਚ
ਹਿੱਕ ਦੇ ਲਹੂ ਨੇ ਵਗਣਾ ਸੀ
ਕਿ ਗੋਲੀਆਂ ਦਾ ਮਿਲਣਾ ਸੀ ਸਨਮਾਨ ਅਦਾਵਾਂ ਨੂੰ
ਕਿ ਮਰ ਮੁੱਕ ਜਾਣਾ ਸੀ ਦੁੱਲਿਆਂ ਨੇ ਵੀ
ਕਿ ਪਿਆਸੀਆਂ ਅੱਖਾਂ ਨੇ
ਕਲਾ ਦੇ ਖ਼ੂਨ ਨਾਲ ਬੁਝਾਉਣੀ ਸੀ ਪਿਆਸ-
ਕਿ ਸ਼ਗਨਾਂ ਵੇਲੇ ਸੁਰਖ਼ ਹੰਝੂ ਵਹਿਣੇ ਸਨ
ਡੋਲੀ ਹੱਥਿਆਰਾਂ ਤੇ ਜਾਣੀ ਸੀ-
ਕਿ ਸ਼ਰਮ ਨੇ ਮਰ ਜਾਣਾ ਸੀ ਸਦਾ ਲਈ-
ਲਾਸ਼ਾਂ ਨੂੰ ਸੜਕ 'ਤੇ ਰੱਖਿਆ ਜਾਣਾ ਸੀ-
ਕਿ ਮਰੀ ਇਨਸਾਨੀਅਤ ਨੂੰ ਤੱਕ
ਧਾਹਾਂ ਨਿੱਕਲਣੀਆਂ ਸਨ ਰਾਹਾਂ ਦੀਆਂ
ਕਿ ਇੱਕ ਦਿਨ ਮਾਨਸਿਕਤਾ ਨੇ ਵੀ
ਦਫ਼ਨ ਹੋਣਾ ਸੀ ਆਪਣੀ ਆਪ ਕਬਰ ਪੁੱਟ ਕੇ
ਦੁਨੀਆਂ ਦੇ ਸਾਹਮਣੇ ਪੇਟ ਦੀ ਭੁੱਖ ਨੇ
ਸਟੇਜ ਤੇ ਦੋ ਮਹੀਨੇ ਦੇ ਬੱਚੇ ਨੂੰ
ਕੁੱਖ ਚ ਨਾਲ ਲੈ ਕੇ ਦੇਣੀ ਸੀ ਬਲੀ ਮੱਮਤਾ ਦੀ-
ਲੋਕੋ ਮੰਚ ਤੇ ਕੱਲ ਸਾਰਾ ਪੰਜਾਬ ਮਰਿਆ ਹੈ
ਮੁੱਕ ਗਏ ਨੇ ਅੱਥਰੂ ਚਿਖ਼ਾ ਤੇ ਕੇਰਨ ਨੂੰ
ਖਿੜ੍ਹਿਆ ਗੁਲਾਬ ਮਰਿਆ ਹੈ
ਪੰਜਾਬ ਦੀ ਆਬਰੂ ਦੇਖੀ ਮਰਦੀ-ਕੋਈ ਸ਼ਬਾਬ ਮਰਿਆ ਹੈ
ਜੇ ਏਹੀ ਦਿਨ ਰਹੇ
ਪੰਜ਼ਾਬ ਦੀਆਂ ਮਰਨਗੀਆਂ ਰਾਤਾਂ
ਸਹਿਕਦਾ ਰਹੇਗਾ ਸਭਿਆਚਾਰ
ਕਾਲੀਆਂ ਰਹਿਣਗੀਆਂ ਪ੍ਰਭਾਤਾਂ
ਬੁੱਲਾਂ ਤੇ ਗੀਤ ਨਹੀਂ ਰਹਿਣੇ
ਹਿੱਕਾਂ ਚ ਡੁੱਬਣਗੀਆਂ ਬਾਤਾਂ
ਸੜ੍ਹਨਗੇ ਪੱਤੇ ਫੁੱਲ ਪੱਤੀਆਂ
ਸਜਣਗੀਆਂ ਚਾਵਾਂ ਸੰਗ ਚਿਖ਼ਾਵਾਂ
ਘਰਾਂ ਵਿਚ ਵੈਣ ਤੇ ਹੰਝੂ
ਚੁਰਾਹੀਂ ਲਾਸ਼ਾਂ ਤੇ ਹਾਵਾਂ
ਧੀਆਂ ਨੂੰ ਘਰ ਉਡੀਕਣਗੇ
ਵਿਲਕਣਗੀਆਂ ਨੇੜੇ ਬੈਠ ਮਾਵਾਂ-