ਮੈਨੂੰ ਤਾਂ ਆਪ ਵੀ ਨਹੀਂ ਪਤਾ
ਕਿ ਕਿਵੇਂ ਤੇਰੇ ਨਾਲ ਪਹਿਰ ਟੁਰ ਪਏ
ਇਸ਼ਕ ਹੋਇਆ ਤਾਂ ਪਤਾ ਵੀ ਨਾ ਲੱਗਾ-
ਹੋਰ ਐਂਵੇਂ ਨਹੀਂ ਕੋਈ ਝੱਲਾ ਬਣ ਬੈਠਦਾ
ਕੱਚਾ ਪੱਕਾ ਪਰਖੇ ਵਗੈਰ
ਢਾਕੀਂ ਲਾ ਠੱਲ ਪੈਂਦਾ ਹੈ ਝਨਾਵਾਂ ਚ-
ਕੁਝ ਨਹੀਂ ਪਤਾ ਲਗਦਾ
ਕਦੋਂ ਟੱਪ ਹੋ ਜਾਂਦੀਆਂ ਹਨ ਕੰਧਾਂ
ਬਾਰੀਆਂ ਕਿੰਜ਼ ਖੁੱਲ ਜਾਂਦੀਆਂ ਹਨ
ਨਾ ਗਲੀਆਂ ਦੀ ਪਰਵਾਹ ਰਹਿੰਦੀ ਹੈ
ਤੇ ਨਾ ਹੀ ਦੁਨੀਆਂ ਦੀ-
ਕਿੱਥੇ ਪਤਾ ਲਗਦਾ ਹੈ
ਇਹੋ ਜੇਹੇ ਪਾਗਲ ਪਲਾਂ ਦਾ
ਕਦੋਂ ਹੋ ਜਾਂਦੇ ਨੇ ਹਿੱਕ ਚੋਂ ਬਾਹਰ
ਤੇ ਪੈਰ ਬਿਨ ਜੁੱਤੀ ਪਾਏ ਤੁਰ ਪੈਂਦੇ ਹਨ-
ਤੇਰੀ ਮੁਹੱਬਤ ਮੈਂ ਬਹੁਤ ਸਾਂਭ 2 ਰੱਖੀ
ਭਾਬੀ ਕਈ ਵਾਰ ਪੁੱਛ ਵੀ ਲੈਂਦੀ ਸੀ ਕਿ
ਕੀ ਲੁਕੋ ਰਹੀਂ ਏਂ-
ਓਦੋਂ ਤਾਂ ਘਰ ਬਾਰ ਵੀ ਭੁੱਲ ਗਿਆ ਸੀ-
ਕਿੱਥੇ ਵਸਦਾ ਹੈ ਜ਼ਹਾਨ-ਕੁਝ ਵੀ ਨਹੀਂ ਸੀ ਯਾਦ ਰਿਹਾ
ਇਹ ਸੱਭ ਪਤਾ ਨਹੀਂ ਕਿਵੇਂ ਹੋ ਗਿਆ
ਕਦ ਹੋ ਗਿਆ-
ਰਾਹ ਬਹੁਤ ਤੜਫ਼ੇ
ਰੁੱਖ ਬਹੁਤ ਬੋਲੇ
ਚੋਰ ਕਦ ਹਟਦਾ ਹੈ ਚੋਰੀ ਤੋਂ-
ਮੁਹੱਬਤ ਕਦ ਛੁਪਦੀ ਹੈ ਕਿਸੇ ਮੋਰੀ ਚੋਂ-
ਜਿਸ ਦਿਨ ਚੰਨ ਚਾਨਣੀ ਨਾਲ ਨੱਚਿਆ ਸੀ
ਓਸ ਰਾਤ ਅਰਸ਼ ਸ਼ਾਮਿਆਨਾ ਬਣਿਆ ਸੀ-
ਚਾਨਣੀ ਦੀ ਕੁੱਖ ਭਰੀ ਸੀ-
ਤੇ ਤਾਰਿਆਂ ਦਾ ਜਨਮ ਹੋਇਆ ਸੀ-
ਤੇਰੇ ਤਾਰੇ ਪੁੱਤਰਾਂ ਨੂੰ
ਉਡੀਕ ਰਹੀ ਸਾਂ ਮੈਂ ਵੀ-
ਨਹੀਂ ਤਾਂ ਐਵੇਂ ਕਿਹੜਾ
ਖੜ੍ਹਦਾ ਹੈ ਬੂਹਿਆਂ ਦੇ ਓਹਲੇ
ਕਿਹੜਾ ਕਹਿੰਦਾ ਹੈ ਕਿ ਬੱਦਲੋ ਜ਼ਰਾ ਪਰੇ ਹੋ ਜਾਓ
ਮਿਲ ਲੈਣ ਦਿਓ ਮੈਨੂੰ ਆਪਣੀ ਰੂਹ ਨਾਲ-
ਪਤਾ ਨਹੀਂ ਏਨੀ ਹਨ੍ਹੇਰੀ ਕਿੱਥੋਂ ਆਉਂਦੀ ਹੈ
ਅੱਗ ਕਿੱਥੋਂ ਭਾਂਬੜ ਬਣ
ਪਰਬਤਾਂ ਨੂੰ ਵੀ ਲੱਗ ਜਾਂਦੀ ਹੈ ਆਪ ਮੁਹਾਰੇ
ਸੱਭ ਹੱਦ ਬੰਨ੍ਹੇ ਟੱਪ ਜਾਂਦੀਆਂ ਹਨ
ਨਵੀਆਂ ਚੜ੍ਹਾਈਆਂ ਚੂੜੀਆਂ-
ਬੰਸਰੀ ਕਿਉਂ ਕੰਬਦੀ ਹੈ-
ਹਿੱਕ ਕੀਂ ਗਾਉਂਦੀ ਹੈ
ਅੰਗ ਕੀ ਬੋਲਦੇ ਨੇ-
ਰਾਤ ਨੂੰ ਵੀ ਨਹੀਂ ਪਤਾ ਲਗਦਾ
ਸ਼ਹਿਰ ਪਤਾ ਨਹੀਂ ਕਿਉਂ ਹੋ ਜਾਂਦੇ ਨੇ ਬੇਚੈਨ
ਪਿੰਡ ਹੋਰ ਨਜ਼ਰੀਂ ਕਿਉਂ ਝਾਕਣ ਲਗ ਜਾਂਦੇ ਹਨ-
ਹਵਾ ਵੀ ਇਤਬਾਰ ਕਰਨੋਂ ਹਟ ਜਾਂਦੀ ਹੈ-
ਕੋਈ ਗੁਨਾਹ ਵੀ ਨਹੀਂ ਦੱਸਦੀ ਦਹਿਲੀਜ਼
ਸ਼ਾਮ ਖਬਰੇ ਕਿਉਂ ਹੋ ਜਾਂਦੀ ਹੈ ਵੈਰੀ-
ਰਾਤਾਂ ਕਿਉਂ ਹੋ ਜਾਂਦੀਆਂ ਹੋਰ ਕਾਲੀਆਂ
ਜ਼ਿੰਦ ਰੋਵੇ ਤਾਂ ਕਿਹੜੇ ਬੂਹੇ ਨੂੰ ਫ਼ੜ੍ਹ ਕੇ
ਚੀਸ ਦੱਸੇ ਤਾਂ ਕਿਹੜੇ ਸ਼ੀਸ਼ੇ ਨੂੰ
ਮਹਿੰਦੀ ਲਾਵੇ ਤਾਂ ਕਿਹੜੇ ਚਾਅ ਨਾਲ
ਵਟਣਾਂ ਮਲੇ ਤਾਂ ਕਿਹੜੇ ਸ਼ਗਨਾਂ ਨੂੰ ਧਿਆਹ
ਪਤਾ ਨਹੀਂ ਕੀ ਅਨੋਖਾ ਕਰ ਲਿਆ ਸੀ ਮੈਂ-
ਸੋਚਦੀ ਹਾਂ ਕਦੇ 2-
ਕੱਪ ਚ ਚਾਹ ਹੋ ਜਾਂਦੀ ਹੈ ਠੰਢੀ-
ਮਾਂ ਦੀ 'ਵਾਜ਼ ਨਹੀਂ ਕੰਨੀ ਪੈਂਦੀ-
ਬਾਪ ਹੋਰ ਨਜ਼ਰੀਂ ਝਾਕਦਾ ਹੈ-
ਵੀਰ ਪਿਆਰ ਨੂੰ ਹੋਰ ਨਾਂ ਦੇ ਦਿੰਦੇ ਹਨ-
ਛਾਵਾਂ ਜੇ ਮਾਨਣ ਨੂੰ ਨਹੀਂ ਤਾਂ ਕੀ ਕਰਨੀਆਂ
ਰਾਹ ਜੇ ਟੁਰਨ ਨੂੰ ਨਹੀਂ ਸਨ ਤਾਂ ਕਿਓਂ ਸਿਰਜੇ
ਨਗਮੇਂ ਜੇ ਗਾਉਣ ਲਈ ਨਹੀਂ ਸਨ ਤਾਂ ਸਾਜ ਕੀ ਕਰੇ
ਮੁਹੱਬਤ ਜੇ ਪਹਿਨਣ ਲਈ ਨਹੀਂ ਸੀ
ਤਾਂ ਜ਼ਿੰਦਗੀ ਨੂੰ ਕਿਉਂ ਸਲੀਬ ਤੇ ਟੰਗਿਆ -
ਜਿਸ ਦਿਨ ਜ਼ਹਾਨ ਦੀਆਂ ਗਲੀਆਂ ਚ ਮੁਹੱਬਤ ਟੁਰ ਪਈੇ
ਸਾਹਾਂ ਚ ਗਲਵੱਕੜੀਆਂ ਦੀ ਰੀਝ ਜਾਗ ਪਈ
ਚੂਰੀਆਂ ਨੂੰ ਤੁਰਨ ਦੀ ਅਜ਼ਾਦੀ ਹੋ ਗਈ
ਦੁਨੀਆਂ ਦੇ ਜਦ ਕੈਦੋਂ ਮਰ ਗਏ
ਤਾਂ ਕਿਤੇ ਨਫ਼ਰਤ ਨਹੀਂ ਰਹੇਗੀ
ਜੰਗਾਂ ਨਹੀਂ ਜਾਗਣਗੀਆਂ ਸਰਹੱਦਾਂ ਤੇ
ਘਰ ਨਹੀਂ ਖ਼ੁਰਨਗੇ
ਤਾਰੇ ਹਟ ਜਾਣਗੇ ਟੁੱਟਣੋਂ-
ਉਮਰਾਂ ਲੱਗ ਜਾਣਗੀਆਂ ਸਮਿਆਂ ਨੂੰ-