ਮੈਨੂੰ ਤੇ ਸਭ ਚੰਗੇ ਲੱਗਦੇ,
ਕਿਸ-ਕਿਸ ਦੀ ਤਾਰੀਫ਼ ਕਰਾਂ।
ਰੁੱਖ-ਪਹਾੜ, ਰੇਤ ਇਨਸਾਨ,
ਹਰ ਇੱਕ ਨੂੰ ਘੜਿਆ ਭਗਵਾਨ।
ਵਿਖਦਾ ਨਾ ਕੋਈ ਬੇਈਮਾਨ,
ਸਭ ਭਾਣੇ ਉਸ ਦੇ ਦਿਸਦੇ ਨੇ।
ਜਿਹੜਾ ਸਭ ਨੂੰ ਦਾਤਾਂ ਵੰਡਦਾ,
ਚੋਜ ਓਸੇ ਦੇ ਦਿਸਦੇ ਨੇ।
ਮਾਪੇ ਧਰਤ ’ਤੇ ਮੇਲ ਕਰਾ ਕੇ,
ਹਰ ਜੀਅ ਪੈਦਾ ਕਰਦਾ ਉਹ।
ਮਾਂਵਾਂ ਦੇ ਹਿੱਕ ਲਾ ਥਣਾਂ ਨੂੰ,
ਪੇਟ ਨਿੱਕਿਆਂ ਭਰਦਾ ਉਹ।
ਵੱਡੇ ਹੋ ਧਰਤੀ ਦੀ ਹਿੱਕ ’ਚੋਂ,
ਦਾਣੇ ਖਾਂਦੇ ਦਿਖਦੇ ਨੇ।
ਜਿਹੜਾ ਸਭ ਨੂੰ ਦਾਤਾਂ ਵੰਡਦਾ,
ਚੋਜ ਓਸੇ ਦੇ ਵਿਖਦੇ ਨੇ।
ਡਾਕਟਰ ਵੀ ਬਣਾਏ ਹੋਣੇ,
ਦੁੱਖ ਇਹਨਾਂ ਦੇ ਹਰਨ ਲਈ।
ਕੈਂਚੀ ਨਹੀਂ ਫੜਾਈ ਹੋਣੀ,
ਕੁੱਖਾਂ ਖ਼ਾਲੀ ਕਰਨ ਲਈ।
ਦਾਤਰ ਸੁੱਕੇ ਵੱਢਣ ਲਈ ਹੋਣੇ,
ਹਰੇ ਵੱਢਦੇ ਦਿਖਦੇ ਨੇ।
ਦਾਤਰ ਕੈਂਚੀਆਂ ਤੱਕ ਵੇਖਿਆ,
ਚੋਜ ਓਸੇ ਦੇ ਵਿਖਦੇ ਨੇ।
ਕਾਗ਼ਜ-ਕਲਮ ਦਵਾਤਾਂ ਸਿਆਹੀ,
ਕਿੰਨੀ ਮਿਹਨਤ ਨਾਲ਼ ਬਣਾਈ।
ਫੇਰ ਸਰਬ ਦੇ ਹੱਥ ਫੜਾਈ,
ਕਿ ਸੋਹਣੀ-ਸੋਹਣੀ ਲਿਖ ਲਿਖਾਈ।
ਕਵੀ ਕਦੇ ਅਧਿਆਪਕ ਤੱਕਾਂ,
ਜੋ ਵਿੱਚ ਪੰਜਾਬੀ ਲਿਖਦੇ ਨੇ।
ਨਿਗ੍ਹਾ ਭਲੀ, ਗੁਰਬਾਣੀ ਲਿਖੀ ਜਿਨ,
ਚੋਜ ਓਸੇ ਦੇ ਵਿਖਦੇ ਨੇ।