ਸਦੀਆਂ ਪਹਿਲਾਂ ਦੀ ਗੱਲ ਹੈ,
ਜਦ ਰੱਬ ਇਕੱਲਾ ਹੀ ਰਹਿੰਦਾ ਸੀ,
ਪੂਰੀ ਸ੍ਰਿਸ਼ਟੀ ਦਾ ਮਾਲਕ ਸੀ,
ਜਿੱਥੇ ਜੀ ਕਰਦਾ ਉੱਠਦਾ-ਬਹਿੰਦਾ ਸੀ।
ਘੁੰਮਦਾ-ਘੁੰਮਦਾ ਆਪਣੀ ਸ੍ਰਿਸ਼ਟੀ ਨੂੰ,
ਇੱਕ ਦਿਨ ਵਾਲਾ ਹੀ ਅੱਕ ਚੁੱਕਿਆ,
ਇਸ ਸ੍ਰਿਸ਼ਟੀ ਨੂੰ ਤਬਾਹ ਕਰਨ ਦਾ,
ਭੈੜਾ ਵਿਚਾਰ ਦਿਲ ਚ ਆ ਢੁੱਕਿਆ।
ਸ੍ਰਿਸ਼ਟੀ ਨਾਲ ਪਿਆਰ ਵੀ ਗੂੜਾ ਸੀ,
ਖੁਦ ਖਤਮ ਕਰਨ ਤੋਂ ਹਿਚਕਚਾਉਂਦਾ ਸੀ,
ਲੱਖ ਸੋਚਾਂ-ਖਿਆਲਾਂ ਨੇ ਰੋਕਿਆ ਰੱਬ ਨੂੰ,
ਪਰ ਦਿਲ ਉਹਦਾ ਇਹੋ ਚਾਹੁੰਦਾ ਸੀ।
ਕਿਉਂ ਨਾ ਕੋਈ ਸਕਤੀ ਸਿਰਜ ਲਵਾਂ,
ਮਨ ਵਿੱਚ ਐਸਾ ਵਿਚਾਰ ਆਇਆ,
ਤਦ ਮਿਹਨਤ ਕਰਕੇ ਉਸ ਖੁਦਾ ਨੇ,
ਮਨੁੱਖ ਨਾਂ ਦਾ ਇੱਕ ਸੈਤਾਨ ਬਣਾਇਆ।
ਮਿੱਟੀ ਦਾ ਇੱਕ ਜਿਸਮ ਬਣਾ ਕੇ,
ਵਿੱਚ ਅਥਾਹ ਗੁਣਾਂ ਨੂੰ ਭਰ ਦਿੱਤਾ,
ਸੋਚਣ-ਸਕਤੀ ਤੇ ਅੰਨੀ ਚੇਤਨਾ ਦੇ ਕੇ,
ਇੱਕ ਅਨੋਖਾ ਕਾਰਨਾਮਾ ਕਰ ਦਿੱਤਾ।
ਤਦ ਆਇਆ ਮਨੁੱਖ ਧਰਤੀ ਤੇ,
ਹੌਲੀ-ਹੌਲੀ ਆਪਣੀ ਗਿਣਤੀ ਵਧਾ ਲਈ,
ਸੇਰ, ਹਾਥੀ, ਬਘਿਆੜਾਂ ਜਿਹੀਆਂ,
ਸਭ ਤਾਕਤਾਂ ਦੇ ਨੱਕ ਨਕੇਲ ਪਾ ਲਈ।
ਜੰਗਲਾਂ ਦੇ ਜੰਗਲ ਤਬਾਹ ਕਰਕੇ,
ਉੱਚੇ-ਉੱਚੇ ਮਹਿਲ ਉਸਾਰ ਲਏ,
ਸੈਤਾਨੀ ਚੇਤਨਾ ਨਾਲ ਪਰਮਾਣੂ ਜਿਹੇ,
ਜੱਗ-ਖਾਤਮੇ ਲਈ ਬਣਾ ਹਥਿਆਰ ਲਏ।
ਧਾਂਕ ਜਮਾਉਣ ਤੇ ਤਾਕਤ ਪਰਖਣ ਲਈ,
ਆਪਸ ਵਿੱਚ ਹੀ ਜੰਗਾਂ ਛੇੜ ਲਈਆਂ,
ਸ੍ਰਿਸ਼ਟੀ ਨੂੰ ਬਰਬਾਦ ਕਰਨ ਲਈ,
ਧੂੰਏਂ ਦੀਆਂ ਹਲਟੀਆਂ ਗੇੜ ਲਈਆਂ।
ਤਰੱਕੀ ਦਾ ਨਾਮ ਦੇ ਕੇ ਅੱਜ ਇਹ,
ਸਕੀਮਾਂ-ਖੋਜਾਂ ਨਾਲ ਝੋਲੀ ਭਰ ਚੁੱਕਾ ਏ,
ਕੀ ਚੰਨ, ਕੀ ਤਾਰੇ, ਤੇ ਕੀ ਗ੍ਰਹਿ,
ਬ੍ਰਹਿਮੰਡ ਦੀ ਸੈਰ ਕਰ ਚੁੱਕਾ ਏ।
ਸਿੱਧੂ' ਅੱਜ ਉਹੀ ਮਨੁੱਖ ਖੁਦਾ ਦਾ,
ਆਪਣਾ ਰੋਲ ਨਿਭਾਅ ਰਿਹਾ ਏ,
ਹੌਲੀ-ਹੌਲੀ ਤੇ ਥੋੜ੍ਹਾ-ਥੋੜ੍ਹਾ ਕਰਕੇ,
ਖੁਦਾ ਦਾ ਹੁਕਮ ਪੁਗਾਆ ਰਿਹਾ ਏ।