ਮੈਂ ਅੱਖ ਬਚਾ ਕੇ ਰੱਬ ਤੋਂ
ਅੱਗ ਚੋਰੀ ਕੀਤੀ ।
ਸੁਫ਼ਨੇ ਦਾ ਬਾਣਾ ਲੂਹ ਲਿਆ
ਜਿੰਦ ਕੋਰੀ ਕੀਤੀ ।
ਮੈਂ ਮਿੱਟੀ ਦੇ ਕਲਬੂਤ ਨੂੰ
ਤੰਦੂਰ ਬਣਾਇਆ ।
ਫਿਰ ਉਸ ਵਿਚ ਅਪਣੇ ਆਪ ਨੂੰ
ਰੱਜ ਸੇਕਾ ਲਾਇਆ ।
ਮੈਂ ਪੱਕਾ ਪੀਢਾ ਹੋ ਗਿਆ
ਤਨ ਤਿੜਦਾ ਜਾਵੇ ।
ਮੇਰੀ ਅਜ਼ਲੋਂ ਭੁੱਖੀ ਹੋਂਦ ਵੀ
ਮੈਨੂੰ ਵੱਢ ਵੱਢ ਖਾਵੇ ।
ਇਕ ਪੇੜਾ ਗੁੰਨ੍ਹਿਆਂ ਧਰਤ ਦਾ
ਵਿਚ ਸਾਹ ਕੁਨਾਲੀ ।
ਉੱਤੇ ਉਂਗਲਾਂ ਨਾਲ ਤਰੌਂਕ ਲਈ
ਮੈਂ ਲਹੂ ਦੀ ਲਾਲੀ ।
ਸਭ ਹੰਢੇ ਵਰਤੇ ਜਨਮ ਮੇਰੇ
ਆ ਬਹੇ ਦੁਆਲੇ ।
ਮੈਂ ਵਾਸੀ ਅਗਲੀ ਸਦੀ ਦਾ
ਮੈਂ ਜੰਮਣਾ ਹਾਲੇ ।
ਨਵੇਂ ਦੁੱਖ ਸਵਾਗਤ ਵਾਸਤੇ
ਮੇਰਾ ਮੱਥਾ ਖਿੜਿਆ ।
ਮੁੜ ਐਨਾ ਹੱਸਿਆ, ਹੱਸ ਹੱਸ
ਮੈਨੂੰ ਹੁੱਥੂ ਛਿੜਿਆ ।
ਉੱਤੋਂ ਧੱਫੇ ਮਾਰੇ ਰੂਹ ਨੂੰ
ਸੀਨੇ ਦੀ ਧੜਕਣ ।
ਜਗਰਾਤੇ ਹਾਣੀ ਸਮੇ ਦੇ
ਅੱਖੀਆਂ ਵਿਚ ਰੜਕਣ ।
ਜੇ ਜਾਗ ਮਿਲੇ ਇਕ ਕਣੀ ਦੀ
ਮੈਂ ਛੱਟੇ ਮਾਰਾਂ ।
ਜਾਂ ਸੀਨੇ ਲਾਵੇ ਯਾਰ, ਤੇ
ਮੈਂ ਸੀਨਾ ਠਾਰਾਂ ।