ਮਨੁੱਖੀ ਘਾਣ

ਅੱਖ 'ਸੁੱਖੇ' ਦੀ ਵੇਖਦੀ, ਕੀ ਕਰਦਾ ਹੈ ਇਨਸਾਨ,

ਵੱਢ-ਵੱਢ ਰੁੱਖਾਂ ਨੂੰ ਸੁੱਟਦਾ, ਖੁਦ ਬਣਦਾ ਹੈ ਵਿਦਵਾਨ।

ਮੈਨੂੰ ਤਾਂ ਇਹ ਮੂਰਖ ਲੱਗੇ, ਆਖੇ ਮੈਂ ਮਹਾਨ।

ਇਹਦੇ ਵਿੱਚ ਵੀ ਜਾਨ ਹੈ, ਇਹ ਜਾਣੇ ਕੁੱਲ ਜਹਾਨ।

ਹੱਥ ਜੋੜ ਕੇ ਆਖਾਂ ਬੰਦਿਆ, ਆਪਣਾ ਫਰਜ਼ ਪਛਾਣ।

ਅੱਤ ਚੁੱਕੀ ਤੂੰ ਫਿਰਦਾ ਏ, ਕਰ ਕੁਦਰਤ ਦਾ ਘਾਣ।

ਸਾਡੇ ਸਾਹਾਂ ਦੇ ਰਾਖੇ ਨੇ, ਤੂੰ ਕਿਉਂ ਨੀ ਕਰਦਾ ਮਾਣ।

ਜਿੰਨਾ ਤੂੰ ਕਰਦਾ ਨੁਕਸਾਨ, ਮੁੱਕ ਜਾਣੀ ਤੇਰੀ ਪਹਿਚਾਣ।

ਆਪਣੇ ਲਈ ਤੂੰ ਸੜਕ ਬਣਾਵੇ, ਵਿੱਚ ਰੁੱਖਾਂ ਦੀ ਸ਼ਮਸ਼ਾਨ।

ਜੰਗਲ ਵੱਢ ਫੈਕਟਰੀਆਂ ਲਾਵੇ, ਤੂੰ ਕੰਮ ਕਰੇ ਨਾਦਾਨ।

ਕੁਦਰਤ ਤੈਨੂੰ ਬੁੱਕਲ ਰੱਖਿਆ, ਤੂੰ ਮੰਨ ਇਹਦਾ ਅਹਿਸਾਨ।

ਅੰਬਾਰ ਧੁੰਏ ਦੇ ਪੈਦਾ ਕਰ, ਤੂੰ ਧੁੰਦਲਾ ਕੀਤਾ ਅਸਮਾਨ।

ਆਉਣ ਵਾਲੀ ਨਸਲ ਨੂੰ ਲੱਗਾ, ਮੌਤ ਦੇ ਮੂੰਹ ਵਿੱਚ ਪਾਣ।

ਉੱਚਾ ਕਿਤੋ ਨਾ ਉਠਿਆ ਲੱਗੇ,ਜਾਵੇ ਵੱਲ ਨਿਵਾਣ।

ਕੁਦਰਤ ਦੀ ਕਰ ਤੂੰ ਪੂਜਾ, ਇਹ ਲਿਖਿਆ ਵਿੱਚ ਪੁਰਾਣ।

ਪਾ ਕੁਰਾਹੇ ਮੱਤ ਆਪਣੀ, ਕਿਉਂ ਭਰੇ ਲੰਬੀ ਉਡਾਣ।

ਵਿਗੜ ਚੁੱਕੇ ਮੌਸਮ ਦੇ ਹਾਲਤ, ਤੱਕ ਹੁੰਦੇ ਸਭ ਹੈਰਾਨ।

ਲਾਓ ਰੁੱਖ ਬਦਲੋ ਦੁਨੀਆਂ, ਹੈ ਦਿਲ ਦਾ ਇਹ ਅਰਮਾਨ ;

ਅੱਖ ਸੁੱਖੇ ਦੀ ਵੇਖਦੀ,ਕੀ ਕਰਦਾ ਹੈ ਇਨਸਾਨ,

ਵੱਢ-ਵੱਢ ਰੁੱਖਾਂ ਨੂੰ ਸੁੱਟਦਾ, ਖੁਦ ਬਣਦਾ ਹੈ ਵਿਦਵਾਨ।

📝 ਸੋਧ ਲਈ ਭੇਜੋ