ਮੰਜ਼ਲ ਮੁਕਾਮ ਆਪਣਾ ਨਾ ਕਾਰਵਾਂ ਆਪਣਾ।
ਅੰਨ੍ਹੇ ਸਫ਼ਰ ਨਾ’ ਪੈ ਗਿਆ ਹੈ ਵਾਸਤਾ ਆਪਣਾ।
ਬਸ ਇਕ ਖਲਾਅ 'ਚੋਂ ਲੰਘਦੀ ਜਾਂਦੀ ਹੈ ਇਹ ਜ਼ਿਮੀਂ,
ਤੇ ਇਸ ਦੇ ਨਾਲ ਬੱਝਿਆ ਹੈ ਸਿਲਸਿਲਾ ਆਪਣਾ।
ਕੇਹਾ ਸਰਾਪ ਮਿਲ ਗਿਆ ਸਾਗਰ ਹੀ ਸੁੱਕ ਗਏ,
ਹੁਣ ਖੁਸ਼ਕ ਹੋਂਠ ਹਨ, ਤੇ ਜਾਂ ਹੈ ਤੜਫਣਾ ਆਪਣਾ।
ਉਹ ਖੰਭ ਮੇਰੇ ਬੰਨ੍ਹ ਕੇ ਕਹਿੰਦੇ ਨੇ ਉੱਡ ਜਾ,
ਹੈ ਕੋਲ਼ ਬੇ-ਬਸੀ ਖੜੀ, ਜਾਂ ਪਿੰਜਰਾ ਆਪਣਾ।
ਹੈ ਰੋਂਦੇ ਰੋਂਦੇ ਆ ਗਈ ਹੱਸਣ ਦੀ ਜਾਚ ਵੀ,
ਪਰ ਰੱਬ ਨੂੰ ਹੈ ਰੜਕਦਾ, ਹੁਣ ਹੱਸਣਾ ਆਪਣਾ।
ਆਏਗੀ ਮੌਤ, ਹੋਏਗੀ ਹੈਰਾਨ ਵੇਖਕੇ,
ਗੂੰਜੇਗਾ ਜਦ ਆਕਾਸ਼ ਦੇ ਵਿਚ ਕਹਿਕਹਾ ਆਪਣਾ।
ਵਾਦਾਂ-ਵਿਵਾਦਾਂ ਵਿਚ ਮੈਂ ਫਸਿਆ ਨਹੀਂ ਕਦੇ,
ਮੇਰੇ ਤਾਂ ਜੀਣ ਦਾ ਹੈ ਮੇਰਾ ਫ਼ਲਸਫ਼ਾ ਆਪਣਾ।