ਮੰਜ਼ਿਲ ਤੀਕਰ ਪੁੱਜਦਾ ਏ ਬਸ, ਉਹੋ ਸ਼ਖ਼ਸ ਵੱਕਾਰ ਦੇ ਨਾਲ ।
ਕਦਮ ਮਿਲਾਕੇ ਚਲਦਾ ਏ ਜੋ, ਵੇਲੇ ਦੀ ਰਫ਼ਤਾਰ ਦੇ ਨਾਲ ।
ਉਹਦੇ ਚਾਰ-ਚੁਫ਼ੇਰੇ ਓੜਕ, ਵਸਣਾ ਏਂ ਤਨਹਾਈ ਨੇ,
ਨਿੱਤ ਲਕੀਰਾਂ ਖਿੱਚਦਾ ਏ ਜੋ, ਨਫ਼ਰਤ ਦੀ ਪ੍ਰਕਾਰ ਦੇ ਨਾਲ ।
ਤੂੰ ਵੀ ਜੇ ਕਰ ਮੇਰੇ ਵਾਂਗੂੰ, ਪੁਤਲਾ ਏਂ ਮਜਬੂਰੀ ਦਾ,
ਆਜਾ ਮਿਲ ਕੇ ਦਰਦ ਵੰਡਾਈਏ, ਇਕ ਦੂਜੇ ਦਾ ਪਿਆਰ ਦੇ ਨਾਲ ।
ਡਰਦਾਂ ਕਿਧਰੇ ਖੁੱਸ ਨਾ ਜਾਵੇ, ਮੇਰੀ ਅੱਖ ਚੋਂ ਚਾਨਣ ਵੀ,
ਗੱਲ ਕਰਾਂ ਜੇ ਅੱਖ ਮਿਲਾ ਕੇ, ਤੇਰੇ ਜਿਹੇ ਮੱਕਾਰ ਦੇ ਨਾਲ ।
ਅੱਜ-ਕੱਲ ਮੇਰਾ ਨਾਂ ਸੁਣ ਕੇ ਵੀ, ਮੱਥੇ ਤੇ ਵੱਟ ਪਾਉਂਦਾ ਏ,
ਜਿਸ ਦਾ ਹਰ ਸੁਖ ਵਾਬਸਤਾ ਸੀ, ਮੇਰੇ ਹੀ ਦੀਦਾਰ ਦੇ ਨਾਲ ।
ਡੁੱਬ ਜਾਣਾ ਹੀ ਲਿਖਿਆ ਸੀ ਬਸ, ਮੇਰੇ ਕਰਮਾਂ ਵਿਚ 'ਸਲੀਮ'
ਐਵੇਂ ਤੇ ਨਹੀਂ ਰਿਸ਼ਤਾ ਟੁੱਟਿਆ, ਕਿਸ਼ਤੀ ਦਾ ਪਤਵਾਰ ਦੇ ਨਾਲ ।