ਪਾਪਾ ਨੂੰ ਅਸਾਂ ਜਾਣ ਨਹੀ ਦੇਣਾ,ਬੋਲ ਨੇ ਪਿਆਰੇ ਪੁੱਤਰ ਦੇ।
ਉਹ ਮਾਸੂਮ ਕਿਸਨੂੰ ਪਾਪਾ ਆਖੂੰ,ਗੱਲ ਦਾ ਸਾਨੂੰ ਉੱਤਰ ਦੇ।
ਕਾਹਤੋਂ ਛੋਟੀ ਉਮਰੇ ਦੇਗਉ ਵੇਛੋੜਾ,ਦੁੱਖੜੇ ਨਾ ਝੱਲੇ ਜਾਂਦੇ ਨੇ।
ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ ।
ਮਾਂ ਵੀ ਕਿਸਨੂੰ ਝਿੜਕਾਂ ਦੇਵੇ,ਪੁੱਤਰ ਤੋਂ ਜਾਂਦੀ ਬਲਹਾਰੇ ਵੇ।
ਤੈਨੂੰ ਲਾਡਲੇ ਕੱਖ ਨਾ ਹੁੰਦਾ,ਮੇਰੇ ਬਲ ਜਾਂਦੇ ਅੰਗਆਰੇ ਵੇ।
ਸਾਹਾਂ ਰਾਹੀ ਚੀਸਾਂ ਨਿਕਲਣ , ਕੀਰਣੇ ਨਾ ਠੱਲ੍ਹੇ ਜਾਂਦੇ ਨੇ।
ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ ।
ਵੀਰ ਵੀਰਾਂ ਦੀਆਂ ਬਾਹਾਂ ਹੁੰਦੇ, ਹੁਣ ਦੱਸ ਕਾਹਦੇਂ ਭਰੋਸੇ ਵੇ।
ਕਾਹਦੀਆਂ ਦੱਸ ਸਜਾਵਾਂ ਦਿੱਤੀਆਂ,ਅਸੀ ਤਾਂ ਸੀ ਬੇਦੋਸ਼ੇ ਵੇ।
ਘੱਟਦੇ ਸਾਹ ਜੋ ਹੱਥ ਲੱਘਗੇ,ਸਮੇਂ ਕਿਉ ਨਾ ਥੱਲ੍ਹੇ ਜਾਂਦੇ ਨੇ ।
ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ ।
ਬਾਪ ਹੱਥੀ ਸਿਵੇ ਨੂੰ ਅੰਗਾਰ ਲਗਾਵੇ,ਹੱਕ ਸੀ ਪਰ ਤੇਰਾ ਵੇ।
ਪਾਲ ਪੋਸ ਕੇ ਖ਼ੁਦ ਮੋਢਾ ਦਿੱਤਾ,ਟੁੱਟ ਗਿਆ ਸਾਡਾ ਜੇਰਾ ਵੇ।
ਬਾਪ ਦੀਆਂ ਅੱਖੀਆਂ ਛਾਵੇਂ ਪੁੱਤ ਕਿਉਂ ਜਹਾਨ ਤੋ ਜਾਂਦੇ ਨੇ।
ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ ।
ਉੱਮਰ ਭਰ ਤੇਰੀ ਸੇਵਾ ਕਰਦੀ, ਜੇ ਪੇ ਜਾਂਦਾ ਤੂੰ ਪਲੰਘੇ ਤੇ।
ਖਸਮ ਬਿਨ ਨਾ ਕੋਈ ਕੱਜਦਾ,ਧੂੜ ਹੈ ਪੈਂਦੀ ਸਿਰ ਨੰਗੇ ਤੇ।
ਜੀਵਨ ਸਾਥੀ ਬਨਾ ਕੇ ਸਾਨੂੰ,ਕਿਉਂ ਜਹਾਂ ਤੋਂ ਕੱਲੇ ਜਾਂਦੇ ਨੇ।
ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ।