ਕਿੰਨਾ ਕਮੀਨਾ, ਕਿੰਨਾ ਹਵਸੀ,
ਕਿੰਨਾ ਖੁਦਗਰਜ਼ ਹੋ ਗਿਆ ਮਰਦ,
ਹਵਸ 'ਚ ਅੰਨਾ ਹੋ ਕੇ,
ਕੁੜੀਆਂ ਦੀ ਆਬਰੂ ਦੇ ਵਰਕੇ,
ਪਲਾਂ ਚ ਪਾੜ ਦਿੰਦਾ,
ਤੇ ਉਹਨਾਂ ਦੇ ਮੱਥੇ ਤੇ ਮੜ ਦਿੰਦਾ,
ਹੀਣਤਾ ਤੇ ਬਦਨਾਮੀ ਦਾ ਕਾਲਾ ਦਾਗ,
ਐਸਾ ਦਾਗ,
ਜੋ ਪੂਰੀ ਜਿੰਦਗੀ ਸੂਰਜ ਵਾਂਗ,
ਕੁੜੀ ਦੇ ਮੱਥੇ ਤੇ ਚਮਕਦਾ ਰਹਿੰਦਾ,
ਤੇ ਵੇਖਣ ਵਾਲਾ ਘੂਰੀਆਂ ਵੱਟ ਵੱਟ ਕੇ ਵੇਖਦਾ।
ਕਿੰਨਾ ਕੁੱਤਾ ਏ ਮਰਦ,
ਨਿੱਕੇ ਨਿੱਕੇ ਮਾਸੂਮ ਫੁੱਲਾਂ ਨੂੰ ਵੀ,
ਟਹਿਣੀਆਂ ਤੋਂ ਤੋੜ ਲੈਂਦਾ,
ਤੇ ਆਪਣੀ ਹਵਸ ਮਿਟਾ ਕੇ ਸੁੱਟ ਦਿੰਦਾ,
ਸੜਕਾਂ ਚ, ਰੋਹੀਆਂ ਚ,
ਤੜਫਣ ਲਈ, ਮੁਰਝਾਉਣ ਲਈ।
ਮਰਦ ਅੱਜ,
ਜਬਰ-ਜੁਲਮ ਦਾ ਦੂਜਾ ਨਾਂ ਹੈ,
ਮਰਦ ਅੱਜ,
ਹਵਸ ਦੀ ਤੱਤੀ ਤੱਤੀ ਛਾਂ ਹੈ,
ਮਰਦ ਅੱਜ,
ਸਮਸ਼ਾਨ ਜਿਹੀ ਡਰਾਵਣੀ ਥਾਂ ਹੈ।