ਮੈਰਾਥਨ ਜਿਹੀ ਜ਼ਿੰਦਗੀ

ਜ਼ਿੰਦਗੀ ਲੰਬੀ ਮੈਰਾਥਨ ਹੈ,

ਲਗਦਾ ਸਭ ਕੁੱਝ ਰੁੱਤਬਾ, ਧਨ ਹੈ।

ਜਾਂ ਫਿਰ ਇੱਕ ਬੇਕਾਬੂ ਮਨ ਹੈ,

ਸ਼ਾਇਦ ਕੋਈ ਪਾਗਲਪਣ ਹੈ।

ਹਰ ਇੱਕ ਇੱਥੇ ਦੌੜ ਰਿਹਾ ਹੈ,

ਵਖ਼ਤ ਦੇ ਵਰਕੇ ਮੋੜ ਰਿਹਾ ਹੈ।

ਅਣਲੋੜਾ ਵੀ ਲੋੜ ਰਿਹਾ ਹੈ,

ਖੌਰੇ ਕਿਉਂ ਸਿਰ ਫੋੜ ਰਿਹਾ ਹੈ।

ਇਕ ਦੂਜੇ ਤੋਂ ਅੱਗੇ ਜਾਣਾ,

ਭੱਜੀ ਫਿਰੇ ਲੋਕਾਈ।

ਕਦੇ ਕਦੇ ਮੈਨੂੰ ਜ਼ਿੰਦਗੀ ਜਾਪੇ,

ਇੱਕ ਡੂੰਗੀ ਜਿਹੀ ਖਾਈ।

ਇਸ ਖਾਈ ਚੋਂ ਨਿਕਲਣ ਖਾਤਰ,

ਰੋਜ ਨੇ ਕਿੰਨੇ ਮਰਦੇ।

ਆਸ਼ਕ, ਫੱਕਰ ਸਾਬਤ ਰਹਿੰਦੇ,

ਬਾਕੀ ਭਾਰ ਨਾ ਜਰਦੇ।

ਕਦੇ ਇਹ ਜ਼ਿੰਦਗੀ, ਸੁਪਨਾ ਲੱਗਦਾ,

ਸਭ ਕੁੱਝ ਆਪਣਾ ਆਪਣਾ ਲੱਗਦਾ,

ਸੁਪਨਾ ਦੇਖ ਨਾ ਲੋਕੀ ਥੱਕਣੇ,

ਸੁਪਨੇ ਦਿਲ ਨਹੀਂ ਭਰਦਾ।

ਭਲਕੇ ਉੱਠ ਕੇ ਬੋਧ ਇਹ ਹੋਣਾ,

ਜ਼ਿੰਦਗੀ ਹੈ ਇੱਕ ਪਰਦਾ।

"ਮੰਡੇਰ" ਇਹ ਜ਼ਿੰਦਗੀ ਸੁੱਚੀ ਥਾਂ ਹੈ,

ਮੇਰੀ ਜ਼ਿੰਦਗੀ ਮੇਰੀ ਮਾਂ ਹੈ।

ਜਿਉਂ ਤੂਤਾਂ ਦੀ ਠੰਡੀ ਛਾਂ ਹੈ,

ਉਸਤੋਂ ਬਾਅਦ ਬੱਸ ਰੱਬ ਦਾ ਨਾਂ ਹੈ॥

📝 ਸੋਧ ਲਈ ਭੇਜੋ