ਮਾਰੂਥਲ ਚੁੱਪ ਹੈ; ਮੱਥੇ ਤੇ ਖੁਣਕੇ ਪਾਣੀ... ਪਾਣੀ।
ਪੱਥਰਬਾਜ਼ ਨਦੀ ਹੋ ਚੱਲੀ ਸੁਣਕੇ ਪਾਣੀ... ਪਾਣੀ।
ਧਰ ਲੈਂਦੀ ਹੈ ਪਹਿਲਾਂ ਕਿਸਮਤ ਭਰਕੇ ਆਪਣਾ ਬਾਟਾ,
ਸਾਡੀ ਕੌਲੀ ਪਾਵੇ ਡਲ਼ੀਆਂ ਚੁਣਕੇ; ਪਾਣੀ... ਪਾਣੀ।
ਪੀ ਕੇ ਚੰਦਰੇ ਵਕਤ ਅਸਾਨੂੰ ਇੰਝ ਪਰ੍ਹਾਂ ਧਰ ਦਿੱਤਾ,
ਹੰਸ ਜਿਵੇਂ ਦੁੱਧ 'ਚੋਂ ਛੱਡ ਦੇਵੇ ਪੁਣਕੇ ਪਾਣੀ... ਪਾਣੀ।
ਗਰਮੀ ਦੇ ਵਿੱਚ ਬਣ ਜਾਂਦੀ ਹੈ ਉਸਦੀ ਪਿਆਸ ਬੁਝਾਰਤ,
ਠੰਢ ਵਿੱਚ ਪਾਏ ਸਵੈਟਰ ਜਿਹੜਾ ; ਬੁਣਕੇ ਪਾਣੀ... ਪਾਣੀ।
ਦਿਨ ਭਰ ਓਸ ਜ਼ੁਬਾਨ ਤੇ ਖਵਰੇ ਕਿੰਝ ਰਹਿੰਦਾ ਏ ਅੰਕੁਸ਼,
ਰਾਤੀਂ ਸੁੱਤਿਆਂ ਅਕਸਰ ਹੀ ਜੋ ਟੁਣਕੇ ਪਾਣੀ... ਪਾਣੀ!