ਮਸਤ ਹਵਾਵਾਂ ਖੁਸ਼ਬੂ ਭਰੀਆਂ

ਮਸਤ ਹਵਾਵਾਂ ਖੁਸ਼ਬੂ ਭਰੀਆਂ, ਜਦ ਵੀ ਆਉਣ ਸਵੇਰੇ

ਦਿਲ ਦੇ ਵਿਹੜੇ ਕਿੰਨੀਆਂ ਯਾਦਾਂ, ਡੇਰੇ ਲਾਉਣ ਸਵੇਰੇ

ਕਿਸੇ ਦੀ ਅੱਖੋਂ ਕਦੇ ਨਾ ਸੁੱਕੇ, ਅੱਥਰੂਆਂ ਦਾ ਪਾਣੀ,

ਕਿਸੇ ਦੇ ਬੂਹੇ ਖ਼ੁਸ਼ੀਆਂ ਹਾਸੇ, ਝੂਮਰ ਪਾਉਣ ਸਵੇਰੇ

ਏਹੋ ਜਿਹੇ ਤੇ ਇਸ ਧਰਤੀ ਤੇ, ਲੱਭਦੇ ਟਾਵੇਂ ਟਾਵੇਂ,

ਜੋ ਝੋਲੀ ਵਿੱਚ ਖ਼ੁਸ਼ੀਆਂ ਭਰ ਕੇ, ਪਏ ਵਰਤਾਉਣ ਸਵੇਰੇ

ਬੇਖ਼ਬਰਾਂ ਦੇ ਸੱਜਣ ਜਦ ਲੈ, ਜਾਂਦੇ ਊਠਾਂ ਵਾਲੇ,

ਮਿੱਠੀਆਂ ਨੀਂਦਾ ਦੇ ਵਣਜਾਰੇ, ਫਿਰ ਪਛਤਾਉਣ ਸਵੇਰੇ

ਓਸ 'ਮਲੂਕ' ਦੇ ਤਾਅਬੇਦਾਰ ਨੇ, ਸੂਰਜ ਚੰਨ ਸਿਤਾਰੇ,

ਮੇਰੇ ਵਿਹੜੇ ਕਿਰਨਾਂ ਲੈ ਕੇ ਆਵੇ ਕੌਣ ਸਵੇਰੇ

📝 ਸੋਧ ਲਈ ਭੇਜੋ