ਮੌਸਮ ਬਦਲਦੇ ਨਹੀਂ ਹੁੰਦੇ

ਮੌਸਮ ਬਦਲਦੇ ਨਹੀਂ ਹੁੰਦੇ

ਰੰਗਾਂ ਵਾਲੀਆਂ ਰੁੱਤਾਂ

ਆਪਣੇ ਆਪ ਨਹੀਂ 

ਆਉਂਦੀਆਂ ਹੁੰਦੀਆਂ ਕਿਰਤ ਦੇ ਦਰਾਂ ਤੇ 

ਪਸੀਨੇ ਦੀ ਉਜਰਤ ਦੇਣ 

ਤੂਫ਼ਾਨਾਂ ਨੂੰ ਠੱਲ੍ਹਣਾ ਹੀ ਪੈਂਦਾ ਹੈ 

ਸਿਰਫਿਰੀਆਂ ਹਵਾਵਾਂ ਨੂੰ 

ਘੇਰਨਾ ਹੀ ਪੈਂਦਾ ਹੈ 

ਪਗਡੰਡੀਆਂ ਕੱਢਣੀਆਂ ਹੀ

ਪੈਣਗੀਆਂ ਨਵੀਆਂ 

ਜੋ ਝੁੱਗੀਆਂ ਦੇ ਕਾਲਕਲੀਟੇ

ਨਕਸ਼ਾਂ ਵੱਲ ਨੂੰ ਜਾਂਦੀਆਂ ਹੋਣ

ਦਰਿਆਵਾਂ ਨੂੰ ਵਰਜਣਾ ਹੀ ਪੈਣਾ 

ਤਾਂ ਕਿ ਉਹ 

ਮੁਸ਼ਕਤ ਦੀ ਪਿਆਸ ਨਾ ਡੀਕ ਜਾਣ 

ਤਾਨਾਸ਼ਾਹ ਨੂੰ ਕਹਿਣਾ ਹੀ ਪੈਣਾ ਕਿ

ਉਹ ਹੱਕ ਨਾ ਖੋਹਵੇ 

ਬਸਤੀਆਂ ਖੇਡਦੇ ਬੱਚਿਆਂ ਦੇ

ਪਿੰਡਾਂ ਦੇ ਰਾਹਾਂ ਨੂੰ ਦੱਸਣਾ

ਹੀ ਪੈਣਾ ਕਿ 

ਉਹ ਰਜਵਾੜੇ ਮੀਨਾਰਾਂ ਦੀ 

ਸਾਹਰਗ ਨੂੰ ਵੀ ਦੱਬਣਾ ਸਿੱਖਣ 

ਏਡੀ ਛੇਤੀ ਵੀ 

ਗੁੱਟ ਅੱਗੇ ਨਹੀਂ ਕਰੀਦੇ

ਬੰਦ ਬੰਦ ਕਟਵਾਉਣ ਲਈ

ਮੁਸ਼ੱਕਤ ਦੀਆਂ ਪੈੜਾਂ ਪਾਉਣ ਵਾਲੇ

ਫਿਰ ਬਦਲਣਗੇ

ਖ਼ਾਬ ਰਾਤਾਂ ਦੇ

ਰੰਗ ਮਹਿਕਦੀਆਂ ਸਰਘੀਆਂ ਦੇ

ਡੁੱਬ ਰਹੀਆਂ ਤਿਰਕਾਲਾਂ ਦੇ

ਤੁਸੀਂ

ਯੁੱਗ ਬਦਲਣ ਦਾ ਸੁਪਨਾ ਚਿਤਰਿਓ

ਯੁੱਧ ਕਰਨ ਵਾਲੀ 

ਗਲੀ ਵਿੱਚ ਨੱਚਣ ਦਾ 

ਪਹਿਲਾ ਲੈਸਨ ਜ਼ਰੂਰ ਲੈਣ ਜਾਇਓ

ਆਪਾਂ ਕੋਈ 

ਨਿੱਕਾ ਜਿਹਾ ਸੂਰਜ ਹੋਰ ਬਣਾਵਾਂਗੇ

📝 ਸੋਧ ਲਈ ਭੇਜੋ