ਮੌਸਮ ਨੇ ਇਹ ਕੈਸੇ ਚਰਖੇ ਕੱਤੇ ਨੇ
ਦਿਲ ਰੁੱਖ ਵਾਲੇ ਸਾਰੇ ਪੀਲੇ ਪੱਤੇ ਨੇ
ਮਨ ਡੁੱਬਿਆ ਤਾਂ ਅਜਬ ਨਜ਼ਾਰਾ ਤੱਕਿਆ ਮੈਂ
ਡੁੱਬੇ ਸੁਪਨੇ, ਡੁੱਬੀਆਂ ਖ਼ੈਰਾਂ ਸੱਤੇ ਨੇ
ਵੇਖੀ ਜਾਓ ਪਰ ਇਹਨਾਂ ਨੂੰ ਛੇੜੋ ਨਾ
ਅੱਜਕਲ੍ਹ ਬੰਦੇ ਭੂੰਡਾਂ ਵਾਲੇ ਛੱਤੇ ਨੇ
ਉਹਨਾਂ ਦੀ ਸ਼ੋਭਾ ਦਾ ਕੋਈ ਅੰਤ ਨਹੀਂ
ਇਸ਼ਕ ਹਕੀਕੀ ਅੰਦਰ ਜੋ ਜਨ ਰੱਤੇ ਨੇ
ਲੋਕੀ ਜਿਸਨੂੰ ਝੜੀ ਸਉਣ ਦੀ ਆਖ ਰਹੇ
ਬੱਦਲਾਂ ਦੇ ਹੱਥ ਅੰਬਰ ਹੰਝੂ ਘੱਤੇ ਨੇ
ਉਹਨਾਂ ਉਹਨਾਂ ਦੁਸ਼ਮਣ ਕੀਤਾ ਬਾਰਿਸ਼ ਨੂੰ
ਜਿਹਨਾਂ ਜਿਹਨਾਂ ਕੱਚੇ ਕੋਠੇ ਛੱਤੇ ਨੇ
ਉਹਨਾਂ ਕੋਲੋਂ ਸੁੱਖਾਂ ਦੀ ਕੋਈ ਆਸ ਨ ਰੱਖ
ਜਿਹਨਾਂ ਬਿਰਖਾਂ ਕੋਲ ਨ ਫ਼ਲ ਨਾ ਪੱਤੇ ਨੇ
ਜੁਗਨੀ ਦਾ ਦਿਲ ਦਿੱਲੀ ਅੰਦਰ ਲੱਗਾ ਏ
ਰਾਹਾਂ ਤੱਕ ਤੱਕ ਹਾਰ ਗਏ ਕਲਕੱਤੇ ਨੇ
ਜਿਹਨਾਂ ਅੰਦਰ ਜੂਝ ਮਰਨ ਦੀ ਇੱਛਾ ਹੈ
ਉਹਨਾਂ ਜਿੱਤੇ ਸਾਰੇ ਹੀ ਰਣ ਤੱਤੇ ਨੇ